ਬੁਲੇਟ ਦੀ ਧਮਾਲ, 350 ਸੀਸੀ ''ਤੇ ਲੋਕਾਂ ਨੇ ''ਲੁਟਾਏ ਨੋਟ''

Wednesday, Nov 01, 2017 - 03:32 PM (IST)

ਨਵੀਂ ਦਿੱਲੀ— ਬਾਜ਼ਾਰ 'ਚ ਬੁਲੇਟ ਦੀ ਸਰਦਾਰੀ ਕਾਇਮ ਹੈ। ਇਕੱਲੇ ਅਕਤੂਬਰ ਮਹੀਨੇ 'ਚ ਕੰਪਨੀ ਦੇ 65 ਹਜ਼ਾਰ ਤੋਂ ਵੱਧ 350 ਸੀਸੀ ਮਾਡਲ ਵਿਕੇ ਹਨ। ਆਇਸ਼ਰ ਮੋਟਰ ਮੁਤਾਬਕ, ਅਕਤੂਬਰ 2017 'ਚ ਉਸ ਨੇ ਕੁੱਲ 69,492 ਮੋਟਰਸਾਈਕਲ ਵੇਚੇ ਹਨ, ਜਿਨ੍ਹਾਂ 'ਚੋਂ 65,209 ਸਿਰਫ 350 ਸੀਸੀ ਤਕ ਦੇ ਮੋਟਰਸਾਈਕਲ ਹਨ। ਇਸ ਦਾ ਮਤਲਬ ਹੈ ਕਿ ਲੋਕਾਂ ਨੇ ਸਭ ਤੋਂ ਵਧ 350 ਸੀਸੀ ਮਾਡਲ ਨੂੰ ਪਸੰਦ ਕੀਤਾ ਹੈ, ਯਾਨੀ ਇਸ 'ਤੇ ਸਭ ਤੋਂ ਜ਼ਿਆਦਾ ਨੋਟ ਖਰਚੇ ਹਨ। ਉੱਥੇ ਹੀ 350 ਸੀਸੀ ਤੋਂ ਉਪਰ ਵਿਕਣ ਵਾਲੇ ਮਾਡਲਾਂ ਦੀ ਗਿਣਤੀ 4,283 ਰਹੀ। ਕੰਪਨੀ ਵੱਲੋਂ ਅਕਤੂਬਰ 2017 'ਚ ਵੇਚੇ ਗਏ ਮੋਟਰਸਾਈਕਲਾਂ ਦੀ ਗਿਣਤੀ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 18 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਅਕਤੂਬਰ 2016 'ਚ ਉਸ ਦੇ ਕੁੱਲ 59,127 ਮਾਡਲ ਵਿਕੇ ਸਨ, ਜਿਨ੍ਹਾਂ 'ਚ 55,158 ਮਾਡਲ 350 ਸੀਸੀ ਦੇ ਸਨ। ਬੁਲੇਟ 350 ਸੀਸੀ ਦੀ ਐਕਸ ਸ਼ੋਅਰੂਮ ਕੀਮਤ ਲਗਭਗ 1,15000 ਰੁਪਏ  ਹੈ।

ਉੱਥੇ ਹੀ, ਇਸ ਸਾਲ ਅਪ੍ਰੈਲ ਤੋਂ ਲੈ ਕੇ ਅਕਤੂਬਰ 2017 ਤਕ ਦੀ ਸੇਲ ਦੇਖੀਏ ਤਾਂ ਕੰਪਨੀ ਦੀ ਸੇਲ 'ਚ 22 ਫੀਸਦੀ ਦਾ ਵਾਧਾ ਹੋਇਆ ਹੈ। ਅਪ੍ਰੈਲ ਤੋਂ ਲੈ ਕੇ ਅਕਤੂਬਰ ਤਕ ਉਸ ਦੀ ਕੁੱਲ ਸੇਲ 4,56,355 ਰਹੀ, ਜਿਸ 'ਚ 4,26,407 ਮਾਡਲ 350ਸੀਸੀ ਤਕ ਦੇ ਹਨ ਅਤੇ 29,948 ਮਾਡਲ ਇਸ ਤੋਂ ਉਪਰ ਦੇ ਹਨ। ਹਾਲਾਂਕਿ ਪਿਛਲੇ ਸਾਲ ਕੰਪਨੀ ਦੇ 350 ਸੀਸੀ ਤੋਂ ਉਪਰ ਵਿਕਣ ਵਾਲੇ ਮਾਡਲਾਂ ਦੀ ਗਿਣਤੀ 37,633 ਸੀ, ਜੋ ਇਸ ਵਾਰ 20 ਫੀਸਦੀ ਘੱਟ ਰਹੀ। ਜਦੋਂ ਕਿ ਇਸ ਮਿਆਦ ਦੌਰਾਨ 350 ਸੀਸੀ ਤਕ ਦੇ ਮਾਡਲਾਂ ਦੀ ਸੇਲ 27 ਫੀਸਦੀ ਵਧੀ ਹੈ। ਉੱਥੇ ਹੀ ਇਸ ਦੌਰਾਨ ਕੁੱਲ 4,56,355 ਮਾਡਲਾਂ 'ਚੋਂ 10,037 ਮਾਡਲ ਬਾਹਰਲੇ ਮੁਲਕਾਂ ਨੂੰ ਬਰਾਮਦ ਕੀਤੇ ਗਏ।


Related News