ਐੱਸਾਰ ਬਦਲੇਗੀ ਨਾਮ, ਨਵੇਂ ਪੈਟਰੋਲ ਪੰਪ ਵੀ ਖੋਲ੍ਹੇਗੀ ਕੰਪਨੀ!

04/26/2018 3:57:13 PM

ਨਵੀਂ ਦਿੱਲੀ— ਜਲਦ ਐੱਸਾਰ ਪੈਟਰੋਲ ਪੰਪਾਂ ਦਾ ਨਾਮ ਬਦਲ ਕੇ 'ਨਾਇਰਾ ਐਨਰਜ਼ੀ ਲਿਮਟਿਡ' ਹੋ ਸਕਦਾ ਹੈ। ਕੰਪਨੀ ਨੇ ਇਸ ਵਾਸਤੇ ਨਾਮ ਬਦਲਣ ਦੀ ਮਨਜ਼ੂਰੀ ਮੰਗੀ ਹੈ। ਜਾਣਕਾਰੀ ਮੁਤਾਬਕ, ਰੂਸੀ ਪੈਟਰੋਲੀਅਮ ਕੰਪਨੀ ਰੋਸਨੈਫਟ ਦੀ ਮਲਕੀਅਤ ਵਾਲੀ ਕੰਪਨੀ ਐੱਸਾਰ ਆਇਲ ਲਿਮਟਿਡ (ਈ. ਓ. ਐੱਲ.) ਨੇ ਆਪਣੀ ਕਾਰਪੋਰੇਟ ਪਛਾਣ ਬਦਲ ਕੇ ਨਾਇਰਾ ਐਨਰਜ਼ੀ ਲਿਮਟਿਡ ਕਰਨ ਦਾ ਫੈਸਲਾ ਕੀਤਾ ਹੈ। ਰੋਸਨੈਫਟ ਅਤੇ ਉਸ ਦੇ ਸਾਂਝੇਦਾਰਾਂ ਨੇ ਪਿਛਲੇ ਸਾਲ ਅਗਸਤ 'ਚ 12.9 ਅਰਬ ਡਾਲਰ ਦੇ ਸੌਦੇ 'ਚ ਐੱਸਾਰ ਆਇਲ ਦੀ ਖਰੀਦ ਪੂਰੀ ਕੀਤੀ ਸੀ, ਜਿਸ ਨਾਲ ਉਹ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਊਰਜਾ ਬਾਜ਼ਾਰ 'ਚ ਉਤਰ ਸਕੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਈ. ਓ. ਐੱਲ. ਲਈ ਨਵੀਂ ਕਾਰਪੋਰੇਟ ਪਛਾਣ ਨਵੇਂ ਬ੍ਰਾਂਡ ਅਤੇ ਪਛਾਣ ਬਣਾਉਣ ਦੀ ਰਣਨੀਤੀ ਦਾ ਇਕ ਹਿੱਸਾ ਹੈ। ਉੱਥੇ ਹੀ, ਐੱਸਾਰ ਕੰਪਨੀ ਦੇ ਨਵੇਂ ਮਾਲਕਾਂ ਦਾ ਮਕਸਦ ਪੈਟਰੋਲ ਪੰਪਾਂ ਦੀ ਗਿਣਤੀ 6,000 ਤਕ ਪਹੁੰਚਾਉਣ ਦਾ ਹੈ, ਯਾਨੀ ਕੰਪਨੀ ਦੇਸ਼ ਭਰ 'ਚ ਨਵੇਂ ਪੰਪ ਵੀ ਖੋਲ੍ਹੇਗੀ।

ਜ਼ਿਕਰਯੋਗ ਹੈ ਕਿ ਸਾਲ 2017 'ਚ ਰੋਸਨੈਫਟ, ਟ੍ਰੈਫਿਗੁਰਾ ਦੀ ਅਗਵਾਈ ਵਾਲੇ ਸੰਘ ਅਤੇ ਯੂ. ਸੀ. ਪੀ. ਨੇ ਐੱਸਾਰ ਆਇਲ ਲਿਮਟਿਡ 'ਚ ਵੱਡੀ ਹਿੱਸੇਦਾਰੀ ਖਰੀਦੀ ਸੀ। ਕੰਪਨੀ ਨੇ ਕਿਹਾ ਕਿ ਨਾਇਰਾ ਸ਼ਬਦ ਦਾ ਮਤਲਬ 'ਨਵਾਂ ਯੁੱਗ' ਹੈ। ਰੋਸਨੈਫਟ ਕੋਲ ਕੰਪਨੀ ਦੀ 49.13 ਫੀਸਦੀ ਹਿੱਸੇਦਾਰੀ ਹੈ। ਉੱਥੇ ਹੀ, ਟ੍ਰੈਫਿਗੁਰਾ ਅਤੇ ਯੂ. ਸੀ. ਪੀ. ਗਰੁੱਪ ਕੋਲ ਵੀ 49.13 ਫੀਸਦੀ ਹਿੱਸੇਦਾਰੀ ਹੈ। ਐੱਸਾਰ ਆਇਲ ਗੁਜਰਾਤ ਦੇ ਵਾਡੀਨਾਰ 'ਚ ਸਾਲਾਨਾ ਦੋ ਕਰੋੜ ਟਨ ਦੀ ਰਿਫਾਇਨਰੀ ਦਾ ਸੰਚਾਲਨ ਕਰਦੀ ਹੈ। ਇਸ ਦੇ 4,473 ਪੈਟਰੋਲ ਪੰਪ ਹਨ।


Related News