ਭਾਰਤ ਦੀ ਅਰਥਵਿਵਸਥਾ ’ਤੇ ਊਰਜਾ ਦੇ ਕੌਮਾਂਤਰੀ ਮੁੱਲ ਵਾਧੇ ਦਾ ਨਕਾਰਾਤਮਕ ਅਸਰ ਹੋਵੇਗਾ
Saturday, Mar 12, 2022 - 12:51 PM (IST)
 
            
            ਵਾਸ਼ਿੰਗਟਨ (ਭਾਸ਼ਾ) – ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਲੀਨਾ ਜਾਰਜੀਵਾ ਨੇ ਕਿਹਾ ਕਿ ਭਾਰਤ ਨੇ ਆਪਣੀ ਅਰਥਵਿਵਸਥਾ ਦਾ ਪ੍ਰਬੰਧਨ ਬਹੁਤ ਚੰਗੀ ਤਰ੍ਹਾਂ ਕੀਤਾ ਹੈ ਪਰ ਕੌਮਾਂਤਰੀ ਊਰਜਾ ਦੀਆਂ ਕੀਮਤਾਂ ਦਾ ਉਸ ਦੀ ਅਰਥਵਿਵਸਥਾ ’ਤੇ ਨਕਾਰਾਤਮਕ ਪ੍ਰਭਾਵ ਪੈਣ ਵਾਲਾ ਹੈ। ‘ਯੂਕ੍ਰੇਨ ’ਤੇ ਰੂਸ ਦੇ ਹਮਲੇ ਅਤੇ ਉਸ ਦੇ ਕੌਮਾਂਤਰੀ ਪ੍ਰਭਾਵ’ ਵਿਸ਼ੇ ’ਤੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ’ਚ ਆਈ. ਐੱਮ. ਐੱਫ. ਦੀ ਪਹਿਲੀ ਉੱਪ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਨਾਥ ਨੇ ਕਿਹਾ ਕਿ ਇਸ ਯੁੱਧ ਕਾਰਨ ਭਾਰਤ ਸਮੇਤ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਦੇ ਸਾਹਮਣੇ ਚੁਣੌਤੀ ਆ ਖੜ੍ਹੀ ਹੋਈ ਹੈ।
ਗੋਪੀਨਾਥ ਨੇ ਕਿਹਾ ਕਿ ਭਾਰਤ ਦੀ ਊਰਜਾ ਦਰਾਮਦ ’ਤੇ ਬਹੁਤ ਨਿਰਭਰਤਾ ਹੈ ਅਤੇ ਕੌਮਾਂਤਰੀ ਊਰਜਾ ਕੀਮਤਾਂ ਵਧ ਰਹੀਆਂ ਹਨ। ਇਸ ਦਾ ਅਸਰ ਭਾਰਤੀ ਲੋਕਾਂ ਦੀ ਖਰੀਦ ਸਮਰੱਥਾ ’ਤੇ ਪੈ ਰਿਹਾ ਹੈ। ਭਾਰਤ ’ਚ ਮਹਿੰਗਾਈ ਕਰੀਬ ਛੇ ਫੀਸਦੀ ਹੈ ਜੋ ਭਾਰਤੀ ਰਿਜ਼ਰਵ ਮੁਤਾਬਕ ਮਹਿੰਗਾਈ ਦੇ ਲਿਹਾਜ ਨਾਲ ਉੱਚਾ ਪੱਧਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਭਾਰਤ ਦੀ ਮੁਦਰਾ ਨੀਤੀ ’ਤੇ ਅਸਰ ਪਵੇਗਾ ਅਤੇ ਇਹ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਕਈ ਹਿੱਸਿਆਂ ਲਈ ਚੁਣੌਤੀ ਹੈ। ਜਾਰਜੀਵਾ ਨੇ ਕਿਹਾ ਕਿ ਸਪੱਸ਼ਟ ਤੌਰ ’ਤੇ ਅਰਥਵਿਵਸਥਾ ’ਤੇ ਜਿਸ ਦਾ ਸਭ ਤੋਂ ਵੱਧ ਪ੍ਰਭਾਵ ਹੋਵੇਗਾ, ਉਹ ਹੈ ਊਰਜਾ ਕੀਮਤਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਊਰਜਾ ਦਾ ਦਰਾਮਦਕਾਰ ਹੈ ਅਤੇ ਊਰਜਾ ਦੀਆਂ ਕੀਮਤਾਂ ’ਚ ਵਾਧੇ ਦਾ ਉਸ ’ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਜਾਰਜੀਵਾ ਨੇ ਕਿਹਾ ਿਕ ਭਾਰਤ ਆਪਣੀ ਅਰਥਵਿਵਸਥਾ ਦਾ ਪ੍ਰਬੰਧਨ ਕਰਨ ’ਚ ਚੰਗਾ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            