ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਮਾਰਚ ’ਚ ਲਗਭਗ 5 ਫੀਸਦੀ ਘਟੀ : ਫਾਡਾ
Wednesday, Apr 06, 2022 - 02:49 PM (IST)
ਨਵੀਂ ਦਿੱਲੀ–ਆਟੋਮੋਬਾਇਲ ਡੀਲਰਾਂ ਦੀ ਸੰਸਥਾ ਫਾਡਾ ਨੇ ਕਿਹਾ ਕਿ ਘਰੇਲੂ ਯਾਤਰੀ ਵਾਹਨ ਪ੍ਰਚੂਨ ਵਿਕਰੀ ਮਾਰਚ 2021 ਦੀ ਤੁਲਨਾ ’ਚ ਮਾਰਚ 2022 ’ਚ 4.87 ਫੀਸਦੀ ਘਟ ਕੇ 2,71,358 ਇਕਾਈ ਰਹਿ ਗਈ। ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਮੁਤਾਬਕ ਮਾਰਚ 2021 ’ਚ ਯਾਤਰੀ ਵਾਹਨਾਂ ਦੀਆਂ 2,85,240 ਇਕਾਈਆਂ ਵਿਕੀਆਂ ਸਨ।
ਫਾਡਾ ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ ਕਿ ਭਾਵੇਂ ਹੀ ਸਪਲਾਈ ਪਿਛਲੇ ਮਹੀਨੇ ਤੋਂ ਥੋੜੀ ਬਿਹਤਰ ਹੋਈ ਹੋਵੇ ਪਰ ਯਾਤਰੀ ਵਾਹਨਾਂ ’ਚ ਉੱਚ ਮੰਗ ਅਤੇ ਲੰਮੀ ਉਡੀਕ ਦੀ ਮਿਆਦ ਦੇਖੀ ਜਾ ਰਹੀ ਹੈ ਕਿਉਂਕਿ ਸੈਮੀਕੰਡਕਟਰ ਉਪਲਬਧਤਾ ਹਾਲੇ ਵੀ ਇਕ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਰੂਸ-ਯੂਕ੍ਰੇਨ ਜੰਗ ਅਤੇ ਚੀਨ ’ਚ ਲਾਕਡਾਊਨ ਕਾਰਨ ਸਪਲਾਈ ’ਚ ਹੋਰ ਕਮੀ ਆਵੇਗੀ। ਇਸ ਦੇ ਨਾਲ ਹੀ ਵਾਹਨਾਂ ਦੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ। ਪਿਛਲੇ ਮਹੀਨੇ ਦੋ ਪਹੀਆ ਵਾਹਨਾਂ ਦੀ ਵਿਕਰੀ 4.02 ਫੀਸਦੀ ਘਟ ਕੇ 11,57,681 ਇਕਾਈ ਰਹਿ ਗਈ ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 12,06,191 ਇਕਾਈ ਸੀ। ਗੁਲਾਟੀ ਨੇ ਕਿਹਾ ਕਿ ਗ੍ਰਾਮੀਣ ਸੰਕਟ ਕਾਰਨ ਦੋਪਹੀਆ ਸੈਗਮੈਂਟ ਪਹਿਲਾਂ ਤੋਂ ਹੀ ਖਰਾਬ ਪ੍ਰਦਰਸ਼ਨ ਕਰ ਰਿਹਾ ਸੀ।
ਵਾਹਨ ਮਾਲਕੀ ਲਾਗਤ ’ਚ ਵਾਧਾ ਅਤੇ ਈਂਧਨ ਦੀ ਵਧਦੀ ਲਾਗਤ ਕਾਰਨ ਇਸ ’ਚ ਹੋਰ ਗਿਰਾਵਟ ਦੇਖੀ ਗਈ। ਕਮਰਸ਼ੀਅਲ ਵਾਹਨਾਂ ਦੀ ਵਿਕਰੀ 14.91 ਫੀਸਦੀ ਵਧ ਕੇ 77,938 ਇਕਾਈ ਰਹੀ ਜੋ ਪਿਛਲੇ ਸਾਲ ਮਾਰਚ ’ਚ 67,828 ਇਕਾਈ ਸੀ। ਮਾਰਚ 2021 ’ਚ 38,135 ਇਕਾਈਆਂ ਦੀ ਤੁਲਨਾ ’ਚ ਪਿਛਲੇ ਮਹੀਨੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਵੀ 26.61 ਫੀਸਦੀ ਵਧ ਕੇ 48,284 ਇਕਾਈ ਹੋ ਗਈ। ਹਾਲਾਂਕਿ ਸਾਰੀਆਂ ਸ਼੍ਰੇਣੀਆਂ ’ਚ ਕੁੱਲ ਵਿਕਰੀ ਪਿਛਲੇ ਮਹੀਨੇ 2.87 ਫੀਸਦੀ ਘਟ ਕੇ 16,19,181 ਇਕਾਈ ਰਹਿ ਗਈ ਜਦ ਕਿ ਪਿਛਲੇ ਸਾਲ ਇਸੇ ਮਹੀਨੇ ’ਚ ਇਹ 16,66,996 ਇਕਾਈ ਸੀ।