ਖੁਰਾਕੀ ਵਸਤਾਂ ਦੀਆਂ ਚੜ੍ਹੀਆਂ ਕੀਮਤਾਂ, ਅਕਤੂਬਰ ''ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 6.21 ਫੀਸਦੀ ''ਤੇ ਪਹੁੰਚੀ

Tuesday, Nov 12, 2024 - 04:44 PM (IST)

ਨਵੀਂ ਦਿੱਲੀ (ਭਾਸ਼ਾ) - ਖਪਤਕਾਰ ਮੁੱਲ ਸੂਚਕ ਅੰਕ 'ਤੇ ਆਧਾਰਿਤ ਮਹਿੰਗਾਈ ਅਕਤੂਬਰ ਵਿਚ ਵਧ ਕੇ 6.21 ਫੀਸਦੀ ਹੋ ਗਈ, ਜੋ ਪਿਛਲੇ ਮਹੀਨੇ ਯਾਨੀ ਸਤੰਬਰ ਮਹੀਨੇ ਵਿਚ 5.49 ਫੀਸਦੀ ਸੀ। ਮੰਗਲਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਅਜਿਹਾ ਮੁੱਖ ਤੌਰ 'ਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਹੋਇਆ ਹੈ। ਇਸ ਤਰ੍ਹਾਂ ਪ੍ਰਚੂਨ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਛੇ ਫੀਸਦੀ ਦੇ ਤਸੱਲੀਬਖਸ਼ ਪੱਧਰ ਤੋਂ ਉਪਰ ਚਲੀ ਗਈ ਹੈ।

ਪਿਛਲੇ ਸਾਲ ਇਸੇ ਮਹੀਨੇ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਆਧਾਰਿਤ ਮਹਿੰਗਾਈ ਦਰ 4.87 ਫੀਸਦੀ ਸੀ। ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ. ਐੱਸ. ਓ.) ਦੇ ਅੰਕੜਿਆਂ ਮੁਤਾਬਕ ਅਕਤੂਬਰ 'ਚ ਖੁਰਾਕੀ ਵਸਤਾਂ ਦੀ ਮਹਿੰਗਾਈ ਵਧ ਕੇ 10.87 ਫੀਸਦੀ ਹੋ ਗਈ, ਜੋ ਸਤੰਬਰ 'ਚ 9.24 ਫੀਸਦੀ ਅਤੇ ਪਿਛਲੇ ਸਾਲ ਅਕਤੂਬਰ 'ਚ 6.61 ਫੀਸਦੀ ਸੀ। ਪਿਛਲੇ ਮਹੀਨੇ ਆਰਬੀਆਈ ਨੇ ਨੀਤੀਗਤ ਰੇਪੋ ਦਰ ਨੂੰ 6.5 ਫੀਸਦੀ 'ਤੇ ਬਰਕਰਾਰ ਰੱਖਿਆ ਸੀ। ਸਰਕਾਰ ਨੇ ਕੇਂਦਰੀ ਬੈਂਕ ਨੂੰ ਮਹਿੰਗਾਈ ਨੂੰ ਚਾਰ ਫੀਸਦੀ (ਦੋ ਫੀਸਦੀ ਦੇ ਉਤਰਾਅ-ਚੜ੍ਹਾਅ ਦੇ ਅੰਦਰ) 'ਤੇ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੈ।


Harinder Kaur

Content Editor

Related News