ਪ੍ਰਚੂਨ ਮਹਿੰਗਾਈ ਜੂਨ ’ਚ ਵਧ ਕੇ 3.18 ਫੀਸਦੀ ਹੋਈ
Saturday, Jul 13, 2019 - 08:58 AM (IST)

ਨਵੀਂ ਦਿੱਲੀ — ਖੁਰਾਕੀ ਵਸਤਾਂ ਦੇ ਮੁੱਲ ਵਧਣ ਨਾਲ ਪ੍ਰਚੂਨ ਮਹਿੰਗਾਈ ਜੂਨ ’ਚ ਇਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ ਮਾਮੂਲੀ ਰੂਪ ਨਾਲ ਵਧ ਕੇ 3.18 ਫੀਸਦੀ ’ਤੇ ਪਹੁੰਚ ਗਈ। ਸਰਕਾਰੀ ਅੰਕੜਿਆਂ ਅਨੁਸਾਰ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਪ੍ਰਚੂਨ ਮਹਿੰਗਾਈ ਇਸ ਸਾਲ ਮਈ ਮਹੀਨੇ ’ਚ 3.05 ਫੀਸਦੀ ਅਤੇ ਜੂਨ 2018 ’ਚ 4.92 ਫੀਸਦੀ ਸੀ।
ਪ੍ਰਚੂਨ ਮਹਿੰਗਾਈ ਇਸ ਸਾਲ ਜਨਵਰੀ ਤੋਂ ਵਧ ਰਹੀ ਹੈ। ਕੇਂਦਰੀ ਅੰਕੜਾ ਦਫਤਰ (ਸੀ. ਐੱਸ. ਓ.) ਦੇ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਅੰਕੜਿਆਂ ਅਨੁਸਾਰ ਖੁਰਾਕੀ ਮਹਿੰਗਾਈ ਜੂਨ 2019 ’ਚ 2.17 ਫੀਸਦੀ ਸੀ, ਜੋ ਇਸ ਤੋਂ ਪਿਛਲੇ ਮਹੀਨੇ ’ਚ 1.83 ਫੀਸਦੀ ਸੀ। ਆਂਡਾ, ਮਾਸ ਅਤੇ ਮੱਛੀ ਵਰਗੇ ਪ੍ਰੋਟੀਨ ਯੁਕਤ ਖੁਰਾਕੀ ਪਦਾਰਥਾਂ ਦੀ ਮਹਿੰਗਾਈ ਦਰ ਜੂਨ ’ਚ ਇਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ ਜ਼ਿਆਦਾ ਰਹੀ। ਹਾਲਾਂਕਿ ਸਬਜ਼ੀਆਂ ਅਤੇ ਫਲਾਂ ਦੇ ਮਾਮਲੇ ’ਚ ਮਹਿੰਗਾਈ ਦਾ ਵਾਧਾ ਮੱਠਾ ਰਿਹਾ। ਭਾਰਤੀ ਰਿਜ਼ਰਵ ਬੈਂਕ ਦੋਮਾਹੀ ਕਰੰਸੀ ਨੀਤੀ ਸਮੀਖਿਅਾ ’ਤੇ ਵਿਚਾਰ ਕਰਦੇ ਸਮੇਂ ਮੁੱਖ ਰੂਪ ਨਾਲ ਪ੍ਰਚੂਨ ਮਹਿੰਗਾਈ ’ਤੇ ਗੌਰ ਕਰਦਾ ਹੈ।
ਮਈ ’ਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਘਟ ਕੇ 3.1 ਫੀਸਦੀ ’ਤੇ ਪਹੁੰਚੀ
ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਦੀ ਵਾਧਾ ਦਰ ਮਈ ਮਹੀਨੇ ’ਚ ਘਟ ਕੇ 3.1 ਫੀਸਦੀ ਰਹਿ ਗਈ। ਅੱਜ ਜਾਰੀ ਅਧਿਕਾਰਕ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਮਈ, 2018 ’ਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ 3.8 ਫੀਸਦੀ ਰਹੀ ਸੀ। ਸਮੀਖਿਅਾ ਅਧੀਨ ਮਹੀਨੇ ’ਚ ਬਿਜਲੀ ਖੇਤਰ ਦਾ ਉਤਪਾਦਨ 7.4 ਫੀਸਦੀ ਵਧਿਆ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਬਿਜਲੀ ਖੇਤਰ ਦੀ ਵਾਧਾ ਦਰ 4.2 ਫੀਸਦੀ ਰਹੀ ਸੀ। ਮਾਈਨਿੰਗ ਖੇਤਰ ਦੀ ਵਾਧਾ ਦਰ ਮਈ ’ਚ ਘਟ ਕੇ 3.2 ਫੀਸਦੀ ਰਹਿ ਗਈ। ਮਈ, 2018 ’ਚ ਮਾਈਨਿੰਗ ਖੇਤਰ ਦਾ ਉਤਪਾਦਨ 5.8 ਫੀਸਦੀ ਵਧਿਅਾ ਸੀ। ਹਾਲਾਂਕਿ ਸਮੀਖਿਅਾ ਅਧੀਨ ਮਹੀਨੇ ’ਚ ਵਿਨਿਰਮਾਣ ਖੇਤਰ ਦੀ ਵਾਧਾ ਦਰ ਘਟ ਕੇ 2.5 ਫੀਸਦੀ ਰਹਿ ਗਈ। ਪਿਛਲੇ ਸਾਲ ਮਈ ’ਚ ਵਿਨਿਰਮਾਣ ਖੇਤਰ ਦਾ ਉਤਪਾਦਨ 3.6 ਫੀਸਦੀ ਵਧਿਅਾ ਸੀ।