ਰਿਜ਼ਰਵ ਬੈਂਕ ਦਾ ਸੋਨਾ ਭੰਡਾਰ ਵਧ ਕੇ 706 ਟਨ ਹੋਇਆ

Friday, Aug 13, 2021 - 03:29 PM (IST)

ਰਿਜ਼ਰਵ ਬੈਂਕ ਦਾ ਸੋਨਾ ਭੰਡਾਰ ਵਧ ਕੇ 706 ਟਨ ਹੋਇਆ

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦੇ ਹਿੱਸੇ ਵਜੋਂ ਸੋਨੇ ਦੀ ਖਰੀਦਦਾਰੀ ਵਧਾ ਦਿੱਤੀ ਹੈ। ਕੈਲੰਡਰ ਸਾਲ 2021 ਦੀ ਪਹਿਲੀ ਛਿਮਾਹੀ ਵਿੱਚ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸੋਨੇ ਦੇ ਹਿੱਸੇ ਵਿੱਚ ਵਾਧਾ ਹੁਣ ਤੱਕ ਦੀ ਛਿਮਾਹੀ ਮਿਆਦ ਵਿੱਚ ਸਭ ਤੋਂ ਵੱਧ ਸੀ। ਇਸ ਮਿਆਦ ਦੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਵਿੱਚ 29 ਟਨ ਸੋਨਾ ਜੋੜਿਆ ਗਿਆ।

ਹੁਣ ਵਿਦੇਸ਼ੀ ਮੁਦਰਾ ਭੰਡਾਰ ਵਜੋਂ ਰਿਜ਼ਰਵ ਬੈਂਕ ਕੋਲ ਸੋਨੇ ਦੀ ਮਾਤਰਾ ਪਹਿਲੀ ਵਾਰ 700 ਟਨ ਨੂੰ ਪਾਰ ਕਰ ਗਈ ਹੈ। 30 ਜੂਨ ਨੂੰ ਕੇਂਦਰੀ ਬੈਂਕ ਦਾ ਸੋਨਾ ਭੰਡਾਰ 705.6 ਟਨ 'ਤੇ ਪਹੁੰਚ ਗਿਆ। ਸਾਲ 2018 ਦੇ ਅਰੰਭ ਵਿੱਚ ਸੋਨੇ ਦਾ ਭੰਡਾਰ 558.1 ਟਨ ਰਿਹਾ ਸੀ।

ਮਾਰਚ 2021 ਦੀ ਤਿਮਾਹੀ ਦੇ ਅੰਤ ਵਿੱਚ ਰਿਜ਼ਰਵ ਬੈਂਕ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸੋਨੇ ਦੀ ਹਿੱਸੇਦਾਰੀ 7 ਫੀਸਦੀ ਰਹੀ, ਹਾਲਾਂਕਿ ਜੂਨ ਤਿਮਾਹੀ ਵਿੱਚ ਇਹ ਘਟ ਕੇ 6.5 ਫੀਸਦੀ ਰਹਿ ਗਈ। ਵਰਲਡ ਗੋਲਡ ਕੌਂਸਲ ਦੇ ਕੋਲ ਉਪਲਬਧ ਤਾਜ਼ਾ ਅੰਕੜਿਆਂ ਦੇ ਅਨੁਸਾਰ, ਜੂਨ 2021 ਵਿੱਚ ਗਲੋਬਲ ਸੈਂਟਰਲ ਬੈਂਕਾਂ ਦੁਆਰਾ 32 ਟਨ ਸੋਨਾ ਖਰੀਦਿਆ ਗਿਆ ਸੀ, ਜਿਸ ਵਿੱਚੋਂ ਭਾਰਤ ਨੇ ਖੁਦ 30 ਪ੍ਰਤੀਸ਼ਤ ਭਾਵ 9.4 ਟਨ ਸੋਨੇ ਦੀ ਖਰੀਦ ਕੀਤੀ ਸੀ।

ਮਾਰਚ 2018 ਵਿੱਚ ਰਿਜ਼ਰਵ ਬੈਂਕ ਨੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 2.2 ਟਨ ਸੋਨਾ ਜੋੜਿਆ ਸੀ, ਨਵੰਬਰ 2009 ਤੋਂ ਬਾਅਦ ਇਹ ਉਸਦੀ ਪਹਿਲੀ ਖਰੀਦ ਸੀ। ਨਵੰਬਰ 2009 ਵਿੱਚ, ਕੇਂਦਰੀ ਬੈਂਕ ਨੇ ਆਪਣੇ ਭੰਡਾਰ ਵਿੱਚ ਸ਼ਾਮਲ ਕਰਨ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ 200 ਟਨ ਸੋਨੇ ਦੀ ਖ਼ਰੀਦ ਕੀਤੀ ਸੀ।

ਇਹ ਵੀ ਪੜ੍ਹੋ: Spicejet ਦੇ ਯਾਤਰੀਆਂ ਨੂੰ ਹੁਣ ਉਡਾਣ ਦੌਰਾਨ ਮਿਲਣਗੀਆਂ ਇਹ ਸਹੂਲਤਾਂ, ਨਹੀਂ ਹੋਵੇਗੀ ਸਮੇਂ ਦੀ ਬਰਬਾਦੀ

ਇੱਕ ਸੀਨੀਅਰ ਬੈਂਕਿੰਗ ਅਰਥ ਸ਼ਾਸਤਰੀ ਨੇ ਕਿਹਾ, “ਤਕਰੀਬਨ ਇੱਕ ਦਹਾਕੇ ਦੇ ਬਾਅਦ, ਪਿਛਲੇ ਕੁਝ ਸਾਲਾਂ ਵਿੱਚ, ਰਿਜ਼ਰਵ ਬੈਂਕ ਨੇ ਵਿਦੇਸ਼ੀ ਮੁਦਰਾ ਭੰਡਾਰਾਂ ਲਈ ਸੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਪੋਰਟਫੋਲੀਓ ਵਿੱਚ ਮਾਮੂਲੀ ਵਿਭਿੰਨਤਾ ਲਿਆਉਣ ਲਈ ਹੈ। ਰਿਜ਼ਰਵ ਬੈਂਕ ਦਾ ਇਹ ਕਦਮ ਦੂਜੇ ਕੇਂਦਰੀ ਬੈਂਕਾਂ ਨਾਲ ਮੇਲ ਖਾਂਦਾ ਹੈ। ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਹੁਣ ਵੀ ਸਭ ਤੋਂ ਵੱਡੀ ਹਿੱਸੇਦਾਰੀ ਅਮਰੀਕੀ ਡਾਲਰ ਦੀ ਹੈ ਜਦੋਂ ਕਿ ਪਿਛਲੇ ਦੋ ਸਾਲਾਂ ਵਿੱਚ ਸੋਨੇ ਦਾ ਹਿੱਸਾ 5 ਪ੍ਰਤੀਸ਼ਤ ਤੋਂ ਥੋੜ੍ਹਾ ਜਿਹਾ ਵਧ ਕੇ 6.5 ਪ੍ਰਤੀਸ਼ਤ ਹੋ ਗਿਆ ਹੈ।

ਮਾਰਚ 2018 ਤੋਂ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਲਗਭਗ 26.5 ਫੀਸਦੀ ਭਾਵ 147 ਟਨ ਸੋਨਾ ਜੋੜਿਆ ਗਿਆ ਹੈ। ਕੈਲੰਡਰ ਸਾਲ 2021 ਦੀ ਪਹਿਲੀ ਛਿਮਾਹੀ ਵਿੱਚ ਲਗਭਗ 29 ਟਨ ਸੋਨਾ ਜੋੜਿਆ ਗਿਆ ਸੀ, ਜਦੋਂ ਕਿ ਪਿਛਲੇ ਤਿੰਨ ਕੈਲੰਡਰ ਸਾਲਾਂ ਵਿੱਚ ਸੋਨੇ ਦੀ ਸਾਲਾਨਾ ਖਰੀਦਦਾਰੀ ਦੀ ਔਸਤ 39.5 ਟਨ ਹੈ। ਇਹ ਰਿਜ਼ਰਵ ਬੈਂਕ ਦੁਆਰਾ ਅੱਧੇ ਸਾਲ ਦੀ ਮਿਆਦ ਵਿੱਚ ਕੀਤੀ ਗਈ ਸਭ ਤੋਂ ਉੱਚੀ ਖਰੀਦ ਹੈ।

ਪੋਰਟਫੋਲੀਓ ਵਿੱਚ ਵਿਭਿੰਨਤਾ ਲਿਆਉਣ ਤੋਂ ਇਲਾਵਾ, ਸੋਨਾ ਵਿਦੇਸ਼ੀ ਮੁਦਰਾ ਭੰਡਾਰ ਦਾ ਇੱਕ ਹਿੱਸਾ ਹੋਣ ਦੇ ਨਾਲ ਸਾਵਰੇਨ ਕ੍ਰੈਡਿਟ ਯੋਗਤਾ ਦੀ ਰੱਖਿਆ ਵਿੱਚ ਵੀ ਸਹਾਇਤਾ ਕਰਦਾ ਹੈ। ਆਈ.ਆਈ.ਐਮ. ਅਹਿਮਦਾਬਾਦ ਸਥਿਤ ਇੰਡੀਆ ਗੋਲਡ ਪਾਲਿਸੀ ਸੈਂਟਰ ਨੇ ਇਹ ਇਹ ਜਾਂਚਣ ਲ਼ਈ ਇਕ ਖੋਜ ਕੀਤੀ ਕਿ ਕੀ ਕੇਂਦਰੀ ਬੈਂਕ ਦਾ ਸੋਨਾ ਭੰਡਾਰ ਸੰਕਟ ਦੇ ਸਮੇਂ ਸਾਵਰੇਨ ਕਰਜ਼ਾ ਚੂਕ ਸਵੈਪ(ਸੀਡੀਐਸ) ਦੇ ਵਿਸਥਾਰ ਵਿਚ ਕਮੀ ਲਿਆਉਂਦਾ ਹੈ।

ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ, "ਵਿਸ਼ੇਸ਼ ਤੌਰ 'ਤੇ, ਅਸੀਂ ਉੱਚ ਵਿਸ਼ਵਵਿਆਪੀ ਉਤਰਾਅ-ਚੜ੍ਹਾਅ ਦੀਆਂ ਸਥਿਤੀਆਂ ਦੇ ਦੌਰਾਨ ਦੇਸ਼ ਦੇ ਜੋਖਮ ਸੰਕਟ , ਮਹਿੰਗਾਈ ਸੰਕਟ ਅਤੇ ਮੁਦਰਾ ਸੰਕਟ ਦੀ ਸਥਿਤੀਆਂ ਵਿਚ ਕਿਸੇ ਵੀ ਦੇਸ਼ ਦੇ ਜੋਖਮ 'ਤੇ ਕੇਂਦਰੀ ਬੈਂਕ ਭੰਡਾਰਾਂ ਦੇ ਪ੍ਰਭਾਵ ਮੁਲਾਂਕਣ ਕੀਤਾ।

ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦੇ ਹਿੱਸੇ ਦੇ ਤੌਰ ਤੇ ਸੋਨਾ ਭੰਡਾਰ ਰੱਖਣ ਵਾਲੇ ਕੇਂਦਰੀ ਬੈਂਕਾਂ ਦੀ ਸੂਚੀ ਵਿਚ 705 ਟਨ ਦੀ ਸੂਚੀ ਦੇ ਨਾਲ ਭਾਰਤ ਦਾ ਦਸਵਾਂ ਸਥਾਨ ਹੈ।

ਇਹ ਵੀ ਪੜ੍ਹੋ: Indigo ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਹੁਣ ਯਾਤਰੀਆਂ ਨੂੰ ਲੰਬੀਆਂ ਕਤਾਰਾਂ ਤੋਂ ਮਿਲੇਗੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News