ਕਿਰਾਏ ਦੇ ਮਕਾਨ ਦੀ ਆਨਲਾਈਨ ਤਲਾਸ਼ ਵਧੀ
Wednesday, Mar 21, 2018 - 01:05 AM (IST)
ਨਵੀਂ ਦਿੱਲੀ— ਕਿਰਾਏ ਦੇ ਮਕਾਨ ਲਈ ਪ੍ਰਾਪਰਟੀ ਡੀਲਰਾਂ ਵੱਲੋਂ ਲਈ ਜਾਣ ਵਾਲੀ ਕਮੀਸ਼ਨ ਤੋਂ ਬਚਣ ਲਈ ਹੁਣ ਸਾਰੇ ਲੋਕ ਆਨਲਾਈਨ ਵੱਲ ਰੁਖ਼ ਕਰ ਰਹੇ ਹਨ। ਇਸ ਸਬੰਧ 'ਚ ਨੋਬਰੋਕਰ ਡਾਟਕਾਮ ਵੱਲੋਂ ਜਾਰੀ ਇਕ ਸਰਵੇਖਣ ਰਿਪੋਰਟ ਅਨੁਸਾਰ ਇਸ 'ਚ ਸ਼ਾਮਲ 7000 ਤੋਂ ਜ਼ਿਆਦਾ ਲੋਕਾਂ 'ਚੋਂ 83 ਫ਼ੀਸਦੀ ਨੇ ਕਿਰਾਏ ਦੀ ਜਾਇਦਾਦ ਦੀ ਤਲਾਸ਼ ਕਰਨ ਲਈ ਆਨਲਾਈਨ ਨੂੰ ਪਹਿਲ ਦਿੱਤੀ, ਜਦੋਂ ਕਿ ਸਿਰਫ 17 ਫ਼ੀਸਦੀ ਵੱਲੋਂ ਪ੍ਰਾਪਰਟੀ ਡੀਲਰਾਂ ਅਤੇ ਆਪਣੇ ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਦੀ ਮਦਦ ਲਈ ਗਈ। ਆਨਲਾਈਨ ਕਿਰਾਏ ਦਾ ਮਕਾਨ ਲੱਭਣ ਵਾਲਿਆਂ 'ਚ 52 ਫ਼ੀਸਦੀ ਲੋਕ 30 ਸਾਲ ਉਮਰ ਵਰਗ ਦੇ ਸਨ ਅਤੇ ਉਨ੍ਹਾਂ 'ਚੋਂ ਸਾਰੇ ਕੁਆਰੇ ਸਨ।
ਇਸ ਦੇ ਅਨੁਸਾਰ ਆਨਲਾਈਨ ਕਿਰਾਏ ਦੀ ਜਾਇਦਾਦ ਲੱਭਣ ਵਾਲਿਆਂ 'ਚੋਂ 44 ਫ਼ੀਸਦੀ ਲੋਕਾਂ ਨੇ ਡੈਸਕਟਾਪ ਦੀ ਵਰਤੋਂ ਕੀਤੀ, ਜਦੋਂ ਕਿ 38 ਫ਼ੀਸਦੀ ਨੇ ਇਸ ਖੇਤਰ 'ਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਐਪ ਦੀ ਵਰਤੋਂ ਕੀਤੀ। ਇਸ 'ਚ ਸ਼ਾਮਲ 59 ਫ਼ੀਸਦੀ ਲੋਕਾਂ ਨੇ ਆਪਣੇ ਮਕਾਨ ਮਾਲਕ ਨੂੰ ਆਨਲਾਈਨ ਕਿਰਾਇਆ ਦੇਣ ਨੂੰ ਪਹਿਲ ਦਿੱਤੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਪਿਛਲੇ 18 ਮਹੀਨੇ ਭਾਰਤੀ ਰੀਅਲ ਅਸਟੇਟ ਖੇਤਰ ਲਈ ਬਹੁਤ ਹੀ ਉਥਲ-ਪੁਥਲ ਵਾਲੇ ਰਹੇ ਹਨ। ਨੋਟਬੰਦੀ ਤੋਂ ਬਾਅਦ ਰੇਰਾ ਅਤੇ ਫਿਰ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਨਾਲ ਇਹ ਖੇਤਰ ਬਹੁਤ ਪ੍ਰਭਾਵਿਤ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਦੌਰਾਨ ਕਿਰਾਏ ਦੀ ਜਾਇਦਾਦ ਦੀ ਤਲਾਸ਼ ਆਨਲਾਈਨ ਵਧੀ ਹੈ ਅਤੇ ਲੋਕਾਂ ਦੇ ਇਸ ਵੱਲ ਆਉਣ ਦਾ ਸਭ ਤੋਂ ਵੱਡਾ ਕਾਰਨ ਪ੍ਰਾਪਰਟੀ ਡੀਲਰਾਂ ਦੀ ਕਮੀਸ਼ਨ ਤੋਂ ਛੁਟਕਾਰਾ ਪਾਉਣਾ ਹੈ।
