ਰਿਲਾਇੰਸ ਦੀ ਦੀਵਾਲੀ, ਬਜ਼ਾਰ ਪੂੰਜੀਕਰਨ 14 ਲੱਖ ਕਰੋੜ ਰੁਪਏ ਤੋਂ ਪਾਰ
Thursday, Sep 10, 2020 - 03:18 PM (IST)
ਮੁੰਬਈ— ਏਸ਼ੀਆ ਦੇ ਸਭ ਤੋਂ ਅਮੀਰ ਸ਼ਖ਼ਸ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਸ਼ੇਅਰਾਂ ਨੇ ਵੀਰਵਾਰ ਨੂੰ ਸ਼ੇਅਰ ਬਜ਼ਾਰਾਂ 'ਚ ਕਾਰੋਬਾਰ ਦੀ ਸ਼ੁਰੂਆਤ ਤੋਂ ਲੰਮੀ ਛਲਾਂਗ ਭਰੀ ਤੇ ਕੰਪਨੀ ਦਾ ਬਜ਼ਾਰ ਪੂੰਜੀਕਰਨ 14 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ।
ਬੰਬਈ ਸਟਾਕ ਬਜ਼ਾਰ 'ਚ ਕਾਰੋਬਾਰ ਦੇ ਸ਼ੁਰੂ 'ਚ ਰਿਲਾਇੰਸ ਦਾ ਸ਼ੇਅਰ ਪਿਛਲੇ ਦਿਨ ਦੇ 2,161.65 ਰੁਪਏ ਦੀ ਤੁਲਨਾ 'ਚ 2,185 ਰੁਪਏ 'ਤੇ ਖੁੱਲ੍ਹਾ ਸੀ।
ਕਾਰੋਬਾਰ ਦੌਰਾਨ ਇਹ 2,233.90 ਰੁਪਏ ਤੱਕ ਜਾ ਪੁੱਜਾ। ਇਸ ਮਗਰੋਂ 2,176.15 ਰੁਪਏ ਤੱਕ ਆਉਣ ਤੋਂ ਬਾਅਦ ਇਹ ਫਿਰ 2,230 ਰੁਪਏ 'ਤੇ ਜਾ ਪੁੱਜਾ ਅਤੇ ਇਸ ਦੌਰਾਨ ਕੰਪਨੀ ਦਾ ਬਾਜ਼ਾਰ ਪੂੰਜੀਕਰਨ 14,14,162.16 ਕਰੋੜ ਰੁਪਏ ਰਿਹਾ। ਇਸ ਸਾਲ ਮਾਰਚ 'ਚ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ 867.28 ਰੁਪਏ ਤੱਕ ਫਿਸਲਿਆ ਸੀ। ਉੱਥੇ ਹੀ, ਬੁੱਧਵਾਰ ਨੂੰ ਕਾਰੋਬਾਰ ਦੀ ਸਮਾਪਤੀ 'ਤੇ ਰਿਲਾਇੰਸ ਇੰਡਸਟਰੀਜ਼ ਦਾ ਬਜ਼ਾਰ ਪੂੰਜੀਕਰਨ 13 ਲੱਖ 70 ਹਜ਼ਾਰ 103 ਕਰੋੜ 80 ਲੱਖ ਰੁਪਏ ਸੀ। ਰਿਲਾਇੰਸ ਦੀ ਪ੍ਰਚੂਨ ਕਾਰੋਬਾਰ ਇਕਾਈ ਰਿਲਾਇੰਸ ਰਿਟੇਲ 'ਚ ਅਮਰੀਕਾ ਦੀ ਤਕਨੀਕੀ ਖੇਤਰ ਦੀ ਮੋਹਰੀ ਨਿਵੇਸ਼ਕ ਸਿਲਵਰ ਲੇਕ ਨੇ ਬੁੱਧਵਾਰ ਨੂੰ 1.32 ਫੀਸਦੀ ਇਕੁਇਟੀ ਹਿੱਸੇਦਾਰੀ ਲਈ ਸਾਢੇ ਸੱਤ ਹਜ਼ਾਰ ਕਰੋੜ ਰੁਪਏ ਨਿਵੇਸ਼ ਦਾ ਐਲਾਨ ਕੀਤਾ। ਰਿਲਾਇੰਸ ਰਿਟੇਲ ਨੇ ਇਸੇ ਮਹੀਨੇ ਫਿਊਚਰ ਕਾਰੋਬਾਰ ਦੇ ਪ੍ਰਚੂਨ ਕਾਰੋਬਾਰ ਨੂੰ 24,713 ਕਰੋੜ ਰੁਪਏ 'ਚ ਖਰੀਦਿਆ ਹੈ।