ਪੈਟਰੋਲ ਪੰਪ ਕਾਰੋਬਾਰ ''ਚ ਵੀ ਰਿਲਾਇੰਸ ਦਾ ''ਜੀਓ'' ਧਮਾਕਾ!

03/25/2017 10:59:23 AM

ਮੁੰਬਈ— ਰਿਲਾਇੰਸ ਇੰਡਸਟਰੀਜ਼ (ਆਰ. ਆਈ. ਐੱਲ.) ਜੀਓ ਦੀ ਤਰ੍ਹਾਂ ਹੀ ਪੈਟਰੋਲ ਪੰਪ ਦੇ ਕਾਰੋਬਾਰ ''ਚ ਵੀ ਛੋਟ ਜ਼ਰੀਏ ਆਪਣੇ ਮੁਕਾਲਬੇ ਵਾਲੀਆਂ ਕੰਪਨੀਆਂ ਨੂੰ ਜ਼ਬਰਦਸਤ ਚੁਣੌਤੀ ਦੇਣ ਦੀ ਸੰਭਾਵਨਾ ਤਲਾਸ਼ ਰਹੀ ਹੈ। ਪੈਟਰੋਲ ਪੰਪਾਂ ''ਤੇ ਆਪਣੇ ਗਾਹਕ ਵਧਾਉਣ ਲਈ ਰਿਲਾਇੰਸ ਛੋਟ ਦਾ ਸਹਾਰਾ ਲਵੇਗੀ। ਸੂਤਰਾਂ ਮੁਤਾਬਕ ਰਿਲਾਇੰਸ ਪੈਟਰੋਲ ਪੰਪਾਂ ''ਤੇ ਗਾਹਕਾਂ ਨੂੰ 1 ਰੁਪਏ ਤੋਂ 1.40 ਰੁਪਏ ਪ੍ਰਤੀ ਲੀਟਰ ਦੀ ਛੋਟ ਜਾਰੀ ਰਹਿ ਸਕਦੀ ਹੈ। ਇਕ ਸੂਤਰ ਨੇ ਦੱਸਿਆ ਕਿ ਕੀਮਤਾਂ ''ਚ ਛੋਟ ਇਕੋ-ਜਿਹੀ ਨਹੀਂ ਹੈ ਅਤੇ ਵੱਖ-ਵੱਖ ਥਾਵਾਂ ''ਤੇ ਛੋਟ ਦੀ ਦਰ ਵੱਖ-ਵੱਖ ਹੈ। ਹਾਲਾਂਕਿ ਹੋਰਨਾਂ ਕੰਪਨੀਆਂ ਨੂੰ ਦੂਜੇ ਤਰੀਕੇ ਨਾਲ ਇਸ ਛੋਟ ਨੂੰ ਚੁਣੌਤੀ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। 

ਆਲ ਇੰਡੀਆ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੇ ਮੁਖੀ ਅਜੈ ਬੰਸਲ ਨੇ ਕਿਹਾ, ''ਉਹ ਸਾਡੇ ਸਾਰੇ ਗਾਹਕਾਂ ਨੂੰ ਆਕਰਸ਼ਤ ਕਰ ਰਹੇ ਹਨ ਪਰ ਇਸ ਦਾ ਜ਼ਿਆਦਾ ਅਸਰ ਪੈਂਦਾ ਨਹੀਂ ਦਿਖ ਰਿਹਾ ਹੈ, ਕਿਉਂਕਿ ਰਿਲਾਇੰਸ ਦੇ ਪੈਟਰੋਲ ਪੰਪਾਂ ਦੀ ਗਿਣਤੀ ਬਹੁਤ ਘੱਟ ਹੈ। ਹਾਂ ਜਦੋਂ ਕੰਪਨੀ ਆਪਣਾ ਵਿਸਥਾਰ ਕਰੇਗੀ ਤਾਂ ਸਾਡੇ ਲਈ ਚੁਣੌਤੀ ਬਣ ਸਕਦੀ ਹੈ।'' 

ਜ਼ਿਕਰਯੋਗ ਹੈ ਕਿ ਰਿਲਾਇੰਸ ਦੇ ਸਿਰਫ 1400 ਪੈਟਰੋਲ ਪੰਪ ਹਨ, ਜਿਨ੍ਹਾਂ ''ਚੋਂ 1,100 ਪੰਪਾਂ ਨੂੰ ਦੁਬਾਰਾ ਚਾਲੂ ਕੀਤਾ ਗਿਆ ਹੈ। ਉੱਥੇ ਹੀ ਇੰਡੀਅਨ ਆਇਲ ਦੇ 25,627 ਪੈਟਰੋਲ ਪੰਪ, ਭਾਰਤ ਪੈਟਰੋਲੀਅਮ ਦੇ 13,619 ਅਤੇ ਹਿੰਦੁਸਤਾਨ ਪੈਟਰੋਲੀਅਮ ਦੇ 13,978 ਪੈਟਰੋਲ ਪੰਪ ਹਨ। ਐੱਸਾਰ ਆਇਲ ਦੇ 3,300 ਪੈਟਰੋਲ ਪੰਪ ਹਨ। ਐੱਸਾਰ ਆਇਲ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਲਲਿਤ ਗੁਪਤਾ ਨੇ ਕਿਹਾ, ''ਸਾਡਾ ਧਿਆਨ ਗੁਣਵੱਤਾ ਅਤੇ ਸੇਵਾਵਾਂ ''ਤੇ ਹੈ। ਅਸੀਂ ਛੋਟ ਜ਼ਰੀਏ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ''ਚ ਯਕੀਨ ਨਹੀਂ ਰਖਦੇ ਹਾਂ। ਤਕਰੀਬਨ ਡੇਢ ਸਾਲ ਪਹਿਲਾਂ ਸਾਡੀ ਬਾਜ਼ਾਰ ਹਿੱਸੇਦਾਰੀ 1 ਫੀਸਦੀ ਤੋਂ ਘੱਟ ਸੀ, ਜੋ ਹੁਣ ਤਕਰੀਬਨ 3 ਫੀਸਦੀ ਹੈ ਅਤੇ ਅਸੀਂ ਆਪਣੇ ਪਰਚੂਨ ਨੈੱਟਵਰਕ ਦਾ ਵਿਸਥਾਰ ਕਰ ਰਹੇ ਹਾਂ।''

 

Related News