ਅਪ੍ਰੈਲ ’ਚ ਰਿਕਾਰਡ 17.5 ਲੱਖ AC ਵਿਕੇ, 2022 ’ਚ 90 ਲੱਖ ਦਾ ਅੰਕੜਾ ਪਾਰ ਹੋਣ ਦੀ ਉਮੀਦ : ਸਿਏਮਾ
Tuesday, May 03, 2022 - 06:20 PM (IST)
ਨਵੀਂ ਦਿੱਲੀ (ਭਾਸ਼ਾ) – ਗਰਮੀ ਦੀ ਸ਼ੁਰੂਆਤ ਦੇ ਨਾਲ ਹੀ ਘਰਾਂ ’ਚ ਇਸਤੇਮਾਲ ਹੋਣ ਵਾਲੇ ਏਅਰ ਕੰਡੀਸ਼ਨਰ (ਏ. ਸੀ.) ਦੀ ਵਿਕਰੀ ’ਚ ਜ਼ੋਰਦਾਰ ਉਛਾਲ ਆਇਆ ਹੈ। ਏ. ਸੀ. ਕੰਪਨੀਆਂ ਨੂੰ ਉਮੀਦ ਹੈ ਕਿ ਇਸ ਸਾਲ ਉਨ੍ਹਾਂ ਦੀ ਵਿਕਰੀ ਰਿਕਾਰਡ 90 ਲੱਖ ਇਕਾਈਆਂ ’ਤੇ ਪਹੁੰਚ ਜਾਏਗੀ। ਖਪਤਕਾਰ ਇਲੈਕਟ੍ਰਾਨਿਕਸ ਅਤੇ ਉਪਕਰਨ ਨਿਰਮਾਤਾ ਸੰਘ (ਸਿਏਮਾ) ਨੇ ਦੱਸਿਆ ਕਿ ਅਪ੍ਰੈਲ ’ਚ ਰਿਕਾਰਡ 17.5 ਲੱਖ ਏ. ਸੀ. ਵਿਕੇ ਹਨ, ਜੋ ਇਸ ਮਹੀਨੇ ਲਈ ਹੁਣ ਤੱਕ ਦਾ ਉੱਚ ਪੱਧਰ ਹੈ।
ਸਿਏਮਾ ਦੇ ਪ੍ਰਧਾਨ ਏਰਿਕ ਬ੍ਰੇਗੇਂਜਾ ਨੇ ਕਿਹਾ ਕਿ ਕੰਟਰੋਲਰ ਅਤੇ ਕੰਪ੍ਰੈਸਰ ਵਰਗੇ ਕੰਪੋਨੈਂਟਸ ਦੀ ਸਪਲਾਈ ’ਚ ਕਮੀ ਕਾਰਨ ਅਗਲੇ 2 ਮਹੀਨਿਆਂ ’ਚ ਕੁੱਝ ਉਤਪਾਦਾਂ ਦੀ ਉਪਲਬਧਤਾ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਖਾਸ ਤੌਰ ’ਤੇ ਘੱਟ ਊਰਜਾ ਖਪਤ ਵਾਲੇ 5-ਸਟਾਰ ਚੇਨ ਦੇ ਉਤਪਾਦਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਉਦਯੋਗ ਦਾ ਅਨੁਮਾਨ ਹੈ ਕਿ ਅਪ੍ਰੈਲ 2022 ’ਚ ਰਿਹਾਇਸ਼ੀ ਏ. ਸੀ. (ਏਅਰ ਕੰਡੀਸ਼ਨਰ) ਦੀ ਅਨੁਮਾਨਿਤ ਵਿਕਰੀ ਲਗਭਗ 17.5 ਲੱਖ ਇਕਾਈ ਰਹੀ। ਇਹ ਅੰਕੜਾ ਅਪ੍ਰੈਲ 2021 ਦੀ ਤੁਲਨਾ ’ਚ ਦੁੱਗਣਾ ਹੈ ਅਤੇ ਅਪ੍ਰੈਲ 2019 ਦੇ ਮੁਕਾਬਲੇ 30-35 ਫੀਸਦੀ ਵੱਧ ਹੈ। ਬ੍ਰੇਗੇਂਜਾ ਨੇ ਕਿਹਾ ਕਿ ਵਿਕਰੀ ਦਾ ਅੰਕੜਾ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਹੈਰਾਨੀਜਨਕ ਵਾਧੇ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਜਾਰੀ ਭਿਆਨਕ ਗਰਮੀ ਦੇ ਨਾ ਹੀ ਅਰਥਵਿਵਸਥਾ ਪੂਰੀ ਤਰ੍ਹਾਂ ਖੁੱਲ੍ਹ ਜਾਣ ਨਾਲ ਇਹ ਤੇਜ਼ੀ ਆਈ ਹੈ। ਮਈ ਅਤੇ ਜੂਨ ’ਚ ਵੀ ਏਅਰ ਕੰਡੀਸ਼ਨਰ ਦੀ ਮੰਗ ਚੰਗੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਭਿਆਨਕ ਗਰਮੀ ਅਤੇ ਪਹਿਲੇ 4 ਮਹੀਨਿਆਂ ’ਚ ਵਿਕਰੀ ਦੇ ਰੁਝਾਨ ਦੇ ਆਧਾਰ ’ਤੇ ਇਸ ਸਾਲ ਏ. ਸੀ. ਬਾਜ਼ਾਰ 85 ਲੱਖ ਤੋਂ 90 ਲੱਖ ਇਕਾਈ ਦਰਮਿਆਨ ਰਹਿਣ ਦੀ ਉਮੀਦ ਹੈ।