ਕੋਰੋਨਾ ਵੈਕਸੀਨ ਸਪੁਤਨਿਕ-5 ਦੀਆਂ 10 ਕਰੋੜ ਖੁਰਾਕਾਂ ਭਾਰਤ ਨੂੰ ਦੇਵੇਗਾ ਰੂਸ
Wednesday, Sep 16, 2020 - 05:57 PM (IST)
ਨਵੀਂ ਦਿੱਲੀ— ਭਾਰਤ 'ਚ ਜਲਦ ਹੀ ਰੂਸ ਦੀ ਵੈਕਸੀਨ ਸਪੁਤਨਿਕ-5 ਦਾ ਕਲੀਨੀਕਲ ਟ੍ਰਾਇਲ ਕੀਤਾ ਜਾਵੇਗਾ। ਇਸ ਲਈ ਭਾਰਤ ਦੀ ਫਾਰਮਾ ਕੰਪਨੀ ਡਾ. ਰੈਡੀਜ਼ ਲੈਬੋਰੇਟਰੀਜ਼ ਤੇ ਰੂਸ ਦੇ ਡਾਇਰੈਕਟ ਇਨਵੈਸਟਮੈਂਟ ਫੰਡ (RDIF) ਨੇ ਇਕ ਕਰਾਰ ਕੀਤਾ ਹੈ।
ਇਸ ਸਮਝੌਤੇ ਤਹਿਤ ਭਾਰਤ 'ਚ ਡਾ. ਰੈਡੀਜ਼ ਲੈਬ ਰੂਸ ਦੇ ਕੋਰੋਨਾ ਵੈਕਸੀਨ ਦਾ ਕਲੀਨੀਕਲ ਟ੍ਰਾਇਲ ਕਰੇਗੀ। ਟ੍ਰਾਇਲ ਸਫਲ ਰਹਿਣ ਅਤੇ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਰੂਸ ਦੀ ਸਾਵਰੇਨ ਵੈਲਥ ਫੰਡ ਡਾ. ਰੈਡੀਜ਼ ਲੈਬ ਨੂੰ 10 ਕਰੋੜ ਸਪੁਤਨਿਕ-5 ਡੋਜ਼ ਵੇਚੇਗੀ।
ਰੂਸ ਨੇ ਕਿਹਾ ਕਿ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਦੇ 10 ਕਰੋੜ ਡੋਜ਼ (ਖੁਰਾਕ) ਭਾਰਤ ਭੇਜੇ ਜਾਣਗੇ। ਰੂਸ ਦੇ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਮੁਖੀ ਕਿਰਿਲ ਦਿਮਿਤ੍ਰੀਵ ਨੇ ਕਿਹਾ ਕਿ ਕਲੀਨੀਕਲ ਟ੍ਰਾਇਲ ਸਫਲ ਰਹਿਣ 'ਤੇ ਭਾਰਤ 'ਚ ਇਸ ਸਾਲ ਦੇ ਅੰਤ ਤੱਕ ਇਹ ਵੈਕਸੀਨ ਮਿਲਣ ਲੱਗੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ 'ਚ ਸ਼ਾਮਲ ਹੈ। ਸਾਡਾ ਮਕਸਦ ਭਾਰਤ ਨੂੰ ਕੋਰੋਨਾ ਵਾਇਰਸ ਨਾਲ ਲੜਨ 'ਚ ਮਦਦ ਕਰਨਾ ਹੈ। ਇਸ ਲਈ ਰੂਸ ਨੇ ਵੱਡੇ ਪੱਧਰ 'ਤੇ ਸਪੁਤਨਿਕ-5 ਵੈਕਸੀਨ ਦੇ ਉਤਪਾਦਨ ਲਈ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਹੈ।
ਉੱਥੇ ਹੀ, ਡਾ. ਰੈਡੀਜ਼ ਦੇ ਐੱਮ. ਡੀ. ਅਤੇ ਚੇਅਰਮੈਨ ਜੀ. ਵੀ. ਪ੍ਰਸਾਦ ਨੇ ਕਿਹਾ ਕਿ ਇਸ ਵੈਕਸੀਨ ਦੇ ਪਹਿਲੇ ਅਤੇ ਦੂਜੇ ਪੜਾਅ ਟ੍ਰਾਇਲ ਨਤੀਜੇ ਉਤਸ਼ਾਹਜਨਕ ਰਹੇ ਹਨ। ਭਾਰਤ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਅਸੀਂ ਦੇਸ਼ 'ਚ ਹੀ ਸਪੁਤਨਿਕ-5 ਵੈਕਸੀਨ ਦਾ ਫੇਜ-3 ਕਲੀਨੀਕਲ ਟ੍ਰਾਇਲ ਕਰਾਂਗੇ। ਜੇਕਰ ਇਹ ਸਫਲ ਰਿਹਾ ਤਾਂ ਅਸੀਂ ਤਾਂ ਇਸ ਨੂੰ ਭਾਰਤ 'ਚ ਲਾਂਚ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਭਾਰਤ 'ਚ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਇਕ ਭਰੋਸੇਮੰਦ ਬਦਲ ਹੋ ਸਕਦਾ ਹੈ।