ਬੀ. ਐੱਸ. ਈ. 200 ਇੰਡੈਕਸ ਤੋਂ ਬਾਹਰ ਹੋਵੇਗੀ ਆਰਕਾਮ

11/21/2017 8:11:48 AM

ਨਵੀਂ ਦਿੱਲੀ— ਅਨਿਲ ਧੀਰੂਭਾਈ ਅੰਬਾਨੀ ਗਰੁੱਪ (ਏ. ਡੀ. ਏ. ਜੀ.) ਦੇ ਮਾਲਕ ਅਨਿਲ ਅੰਬਾਨੀ ਨੂੰ ਇਕ ਹੋਰ ਝਟਕਾ ਲੱਗਾ ਹੈ। ਲੰਮੇ ਸਮੇਂ ਤੋਂ ਕਰਜ਼ੇ ਦੀ ਸਮੱਸਿਆ ਨਾਲ ਜੂਝ ਰਹੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਬੀ. ਐੱਸ. ਈ. 200 ਇੰਡੈਕਸ ਤੋਂ ਛੇਤੀ ਬਾਹਰ ਹੋ ਜਾਵੇਗੀ। ਬੀ. ਐੱਸ. ਈ. 200 ਇੰਡੈਕਸ ਤੋਂ ਬਾਹਰ ਹੋਣ ਦੀ ਖਬਰ ਨਾਲ ਸੋਮਵਾਰ ਦੇ ਕਾਰੋਬਾਰ 'ਚ ਆਰਕਾਮ ਦੇ ਸ਼ੇਅਰਾਂ 'ਚ 5 ਫਸੀਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੀ ਜਗ੍ਹਾ ਕਜਾਰੀਆ ਸਿਰਾਮਿਕਸ ਬੀ. ਐੱਸ. ਈ. 200 ਇੰਡੈਕਸ 'ਚ ਸ਼ਾਮਲ ਹੋਵੇਗੀ।
2011 'ਚ ਸੈਂਸੈਕਸ ਤੋਂ ਬਾਹਰ ਹੋਈ ਸੀ ਆਰਕਾਮ
ਇਕ ਸਮੇਂ ਆਰਕਾਮ ਦਾ ਸਟਾਕ 30 ਸ਼ੇਅਰਾਂ ਵਾਲੇ ਇੰਡੈਕਸ ਸੈਂਸੈਕਸ 'ਚ ਸ਼ਾਮਲ ਸੀ। ਲਿਸਟਿੰਗ ਦੇ ਕੁਝ ਮਹੀਨਿਆਂ ਬਾਅਦ ਹੀ ਆਰਕਾਮ ਦਾ ਸਟਾਕ 2006 'ਚ ਸੈਂਸੈਕਸ 'ਚ ਸ਼ਾਮਲ ਹੋਇਆ ਸੀ। ਹਾਲਾਂਕਿ ਅਗਸਤ, 2011 'ਚ ਏ. ਡੀ. ਏ. ਜੀ. ਦੇ 2 ਸਟਾਕਸ ਆਰਕਾਮ ਅਤੇ ਰਿਲਾਇੰਸ ਇਨਫਰਾਸਟਰੱਕਚਰ ਨੂੰ ਸੈਂਸੈਕਸ ਤੋਂ ਕੱਢ ਦਿੱਤਾ ਗਿਆ। ਰਿਲਾਇੰਸ ਕਮਿਊਨੀਕੇਸ਼ਨ ਡਿਫਾਲਟਰ ਦੀ ਕੈਟਾਗਰੀ 'ਚ ਆ ਗਈ ਹੈ। ਅਸਲ 'ਚ ਕੰਪਨੀ 'ਤੇ ਦੋਸ਼ ਹੈ ਕਿ ਉਹ 2020 ਤੱਕ ਲਈ ਡਾਲਰ ਲਈ ਕਰਜ਼ੇ ਦੀ ਕਿਸ਼ਤ ਦੇਣ 'ਚ ਅਸਫਲ ਰਹੀ ਹੈ। ਮੂਡੀਜ਼ ਇਨਵੈਸਟਰਸ ਸਰਵਿਸ ਨੇ ਡਾਲਰ ਬਾਂਡ ਨਾਲ ਸਬੰਧਤ ਪੇਮੈਂਟ ਦੇ ਡਿਫਾਲਟ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਕਰਜ਼ੇ 'ਚ ਡੁੱਬੀ ਕੰਪਨੀ ਦੀ ਕਾਰਪੋਰੇਟ ਫੈਮਿਲੀ ਰੇਟਿੰਗ ਵਾਪਸ ਲੈ ਲਈ ਹੈ। ਮੂਡੀਜ਼ ਨੇ ਆਰਕਾਮ ਦੀ ਕਾਰਪੋਰੇਟ ਫੈਮਿਲੀ ਰੇਟਿੰਗ ਮਤਲਬ ਸੀ. ਐੱਫ. ਆਰ. ਵਾਪਸ ਲੈ ਲਈ ਹੈ ਅਤੇ ਉਸ ਦਾ ਆਊਟਲੁਕ ਨੈਗੇਟਿਵ ਕਰ ਦਿੱਤਾ ਹੈ। ਘਾਟੇ 'ਚ ਚੱਲ ਰਹੀ ਆਰਕਾਮ 'ਤੇ ਕਰਜ਼ਾ ਵਧ ਕੇ 44,300 ਕਰੋੜ ਰੁਪਏ ਹੋ ਚੁੱਕਾ ਹੈ।
ਵੇਚੇਗੀ ਦਿੱਲੀ, ਚੇਨਈ ਦੀਆਂ ਜਾਇਦਾਦਾਂ
ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਿਊਨੀਕੇਸ਼ਨ (ਆਰਕਾਮ) ਨੂੰ ਕਰਜ਼ ਦੇਣ ਵਾਲੀ ਬਾਡੀਜ਼ ਨੇ ਉਸ ਨੂੰ ਦਿੱਲੀ ਅਤੇ ਚੇਨਈ ਦੀ ਰੀਅਲ ਅਸਟੇਟ ਜਾਇਦਾਦ ਨੂੰ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਜਾਇਦਾਦਾਂ ਕੈਨੇਡਾ ਦੀ ਜਾਇਦਾਦ ਪ੍ਰਬੰਧ ਕੰਪਨੀ ਬੁਰਕਫੀਲਡ ਨੂੰ ਵੇਚੀਆਂ ਜਾਣਗੀਆਂ। ਇਸ ਨਾਲ ਜੁੜੇ ਇਕ ਸੂਤਰਾਂ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ,''ਕਰਜ਼ਦਾਤਾਵਾਂ ਨੇ ਆਰਕਾਮ ਦੀਆਂ ਦਿੱਲੀ ਅਤੇ ਚੇਨਈ ਦੀਆਂ ਜਾਇਦਾਦਾਂ ਨੂੰ 801 ਕਰੋੜ ਰੁਪਏ 'ਚ ਬੁਰਕਫੀਲਡ ਨੂੰ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ।'' ਆਰਕਾਮ ਨਾਲ ਇਸ ਬਾਰੇ 'ਚ ਸੰਪਰਕ ਕਰਨ 'ਤੇ ਉਸ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।


Related News