RBI ਵੱਲੋਂ ਮਿਲ ਸਕਦੈ ਇਹ ਤੋਹਫਾ, ਕਾਰ ਤੇ ਘਰ ਲੈਣਾ ਹੋਵੇਗਾ ਸਸਤਾ

07/14/2019 9:38:40 AM

ਮੁੰਬਈ—  ਹੋਮ, ਕਾਰ ਤੇ ਬਿਜ਼ਨੈੱਸ ਲੋਨ ਹੋਰ ਸਸਤੇ ਹੋ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਿਆਜ ਦਰਾਂ 'ਚ ਇਕ ਵਾਰ ਫਿਰ ਕਟੌਤੀ ਕਰ ਸਕਦਾ ਹੈ। ਕੋਟਕ ਨੇ ਇਕ ਰਿਪੋਰਟ 'ਚ ਇਹ ਸੰਭਾਵਨਾ ਪ੍ਰਗਟ ਕੀਤੀ ਹੈ। ਰਿਪੋਰਟ 'ਚ ਉਮੀਦ ਪ੍ਰਗਟ ਕੀਤੀ ਗਈ ਹੈ ਕਿ ਆਰ. ਬੀ. ਆਈ. ਅਗਸਤ 'ਚ ਹੋਣ ਵਾਲੀ ਅਗਲੀ ਪਾਲਿਸੀ ਮੀਟਿੰਗ 'ਚ ਚੌਥੀ ਵਾਰ ਨੀਤੀਗਤ ਦਰਾਂ ਘਟਾ ਸਕਦਾ ਹੈ।
 

 

ਰਿਜ਼ਰਵ ਬੈਂਕ ਨੇ ਪਿਛਲੀ ਵਾਰ ਜੂਨ 'ਚ ਵਿਆਜ ਦਰਾਂ 'ਚ ਕਮੀ ਕੀਤੀ ਸੀ, ਜੋ ਕਿ 2013 ਮਗਰੋਂ ਪਹਿਲੀ ਵਾਰ ਲਗਾਤਾਰ ਤੀਜੀ ਕਟੌਤੀ ਸੀ। ਬਰੋਕਰੇਜ਼ ਫਰਮ ਕੋਟਕ ਨੇ ਪਾਲਿਸੀ ਦਰਾਂ 'ਚ ਕਟੌਤੀ ਹੋਣ ਦੇ ਤਿੰਨ ਮਹੱਤਵਪੂਰਨ ਕਾਰਨ ਦੱਸੇ ਹਨ। ਉਸ ਦਾ ਕਹਿਣਾ ਹੈ ਕਿ ਮਹਿੰਗਾਈ ਦਰ ਆਰ. ਬੀ. ਆਈ. ਦੇ ਕੰਟਰੋਲ ਦਾਇਰੇ 4 ਫੀਸਦੀ ਤੋਂ ਘੱਟ ਹੈ, ਆਰ. ਬੀ. ਆਈ. ਦਾ ਰੁਖ਼ ਵੀ ਉਦਾਰਵਾਦੀ ਹੈ ਅਤੇ ਅਰਥਵਿਵਸਥਾ 'ਚ ਸੁਸਤੀ ਵੀ ਸਾਫ ਨਜ਼ਰ ਆ ਰਹੀ ਹੈ।
ਰਿਪੋਰਟ ਦਾ ਕਹਿਣਾ ਹੈ ਕਿ ਜੂਨ 'ਚ ਬੇਸ਼ੱਕ ਮਹਿੰਗਾਈ ਦਰ 3.18 ਫੀਸਦੀ 'ਤੇ ਪਹੁੰਚ ਗਈ, ਜੋ ਮਈ 'ਚ 3.05 ਫੀਸਦੀ ਰਹੀ ਸੀ ਪਰ ਇਹ ਹੁਣ ਵੀ ਆਰ. ਬੀ. ਆਈ. ਦੇ 4 ਫੀਸਦੀ ਟੀਚੇ ਤੋਂ ਘੱਟ ਹੀ ਬਣੀ ਹੋਈ ਹੈ। ਬਰੋਕੇਜ਼ ਫਰਮ ਮੁਤਾਬਕ, ਸਰਕਾਰ ਵੱਲੋਂ ਵਿੱਤੀ ਘਾਟੇ ਦੇ ਮੋਰਚੇ 'ਤੇ ਸਮਝਦਾਰੀ ਵਰਤਣ ਅਤੇ ਆਰ. ਬੀ. ਆਈ. ਦੀ ਮਾਨਿਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਵੱਲੋਂ ਸੁਸਤ ਵਿਕਾਸ ਰਫਤਾਰ ਨੂੰ ਸਵੀਕਾਰਨ ਨਾਲ ਇਸ ਧਾਰਨਾ ਨੂੰ ਮਜਬੂਤੀ ਮਿਲਦੀ ਹੈ ਕਿ ਅਗਸਤ ਦੀ ਮੀਟਿੰਗ 'ਚ ਪਾਲਿਸੀ ਦਰਾਂ 'ਚ 0.25 ਫੀਸਦੀ ਦੀ ਕਟੌਤੀ ਹੋ ਸਕਦੀ ਹੈ।


Related News