RBI ਦਾ ਨਵਾਂ ਨਿਯਮ, ਚੈੱਕ ਕੱਟਣ ਤੋਂ ਪਹਿਲਾਂ ਇਹ ਗਲਤੀ ਹੁਣ ਪਵੇਗੀ ਭਾਰੀ

Thursday, Aug 05, 2021 - 04:09 PM (IST)

ਨਵੀਂ ਦਿੱਲੀ- ਜੇਕਰ ਤੁਸੀਂ ਚੈੱਕ ਰਾਹੀਂ ਭੁਗਤਾਨ ਕਰ ਰਹੇ ਹੋ ਤਾਂ ਤੁਹਾਨੂੰ ਹੁਣ ਪਹਿਲਾਂ ਨਾਲੋਂ ਵਧੇਰੇ ਸਾਵਧਾਨ ਰਹਿਣਾ ਪਵੇਗਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 1 ਅਗਸਤ ਤੋਂ ਲਾਗੂ ਹੋਏ ਬੈਂਕਿੰਗ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਹਨ। ਕੇਂਦਰੀ ਬੈਂਕ ਨੇ ਹੁਣ 24 ਘੰਟੇ ਬਲਕ ਕਲੀਅਰਿੰਗ ਸਹੂਲਤ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮਹੀਨੇ ਤੋਂ ਨੈਸ਼ਨਲ ਆਟੋਮੈਟਿਡ ਕਲੀਅਰਿੰਗ ਹਾਊਸ (ਐੱਨ. ਏ. ਸੀ. ਐੱਚ.) 24 ਘੰਟੇ ਕੰਮ ਕਰ ਰਿਹਾ ਹੈ, ਯਾਨੀ ਹੁਣ ਚੈੱਕ ਕਲੀਅਰ ਹੋਣ ਵਿਚ 2 ਦਿਨ ਨਹੀਂ ਲੱਗਣਗੇ। ਹੁਣ ਚੈੱਕ ਲਾਉਣ ਤੋਂ ਬਾਅਦ ਇਸ ਦੀ ਰਕਮ ਤੁਰੰਤ ਕਲੀਅਰ ਹੋ ਜਾਵੇਗੀ। ਅਜਿਹੀ ਸਥਿਤੀ ਵਿਚ ਤੁਹਾਨੂੰ ਚੈੱਕ ਜਾਰੀ ਕਰਦੇ ਸਮੇਂ ਸਾਵਧਾਨੀ ਵਰਤਣੀ ਹੋਵੇਗੀ ਅਤੇ ਚੈੱਕ ਜਾਰੀ ਕਰਨ ਤੋਂ ਪਹਿਲਾਂ ਦੇਖਣਾ ਹੋਵੇਗਾ ਕਿ ਤੁਹਾਡੇ ਖਾਤੇ ਵਿਚ ਪੈਸੇ ਹਨ ਜਾਂ ਨਹੀਂ।

ਹੁਣ ਐੱਨ. ਏ. ਸੀ. ਐੱਚ. ਗੈਰ-ਕੰਮਕਾਜੀ ਦਿਨ, ਹਫ਼ਤਾਵਾਰੀ ਛੁੱਟੀ ਅਤੇ ਰਾਸ਼ਟਰੀ ਛੁੱਟੀ ਵਾਲੇ ਦਿਨ ਵੀ ਕੰਮ ਕਰੇਗਾ। ਇਸ ਲਈ ਹੁਣ ਚੈੱਕ ਵਿਚ ਰਾਸ਼ੀ ਭਰਨ ਤੋਂ ਪਹਿਲਾਂ ਖਾਤੇ ਵਿਚ ਦੇਖ ਲਓ ਕਿ ਇੰਨਾ ਬੈਲੰਸ ਹੈ ਜਾਂ ਨਹੀ, ਜੇਕਰ ਖਾਤੇ ਵਿਚ ਰਕਮ ਦੇਖੇ ਬਿਨਾਂ ਚੈੱਕ ਲਾ ਦਿਓਗੇ ਤਾਂ ਇਹ ਬਾਊਂਸ ਹੋ ਜਾਵੇਗਾ, ਇਸ ਲਈ ਤੁਹਾਨੂੰ ਖਾਤੇ ਵਿਚੋਂ ਜੁਰਮਾਨਾ ਭਰਨਾ ਪਵੇਗਾ। ਹੁਣ ਪਹਿਲਾਂ ਨਾਲੋਂ ਜਲਦੀ ਚੈੱਕ ਲੱਗ ਰਹੇ ਹਨ, ਇਸ ਲਈ ਕਾਹਲੀ ਨਾ ਕਰੋ।

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਵੱਲੋਂ ਸੰਚਾਲਤ ਐੱਨ. ਏ. ਸੀ. ਐੱਚ. ਜ਼ਰੀਏ ਬਲਕ ਪੇਮੈਂਟ ਦਾ ਕੰਮ ਕੀਤਾ ਜਾਂਦਾ ਹੈ। ਇਹ ਇਕ ਸਮੇਂ ਕਈ ਸਾਰੀ ਕ੍ਰੈਡਿਟ ਟ੍ਰਾਂਸਫਰ ਦੀ ਸੁਵਿਧਾ ਦਿੰਦਾ ਹੈ। ਇਸ ਤੋਂ ਇਲਾਵਾ ਬਲਕ ਪੇਮੈਂਟ ਜਿਵੇਂ ਕਿ ਤਨਖ਼ਾਹ, ਪੈਨਸ਼ਨ, ਵਿਆਜ, ਡਿਵੀਡੈਂਡ ਆਦਿ ਦਾ ਭੁਗਤਾਨ ਹੁੰਦਾ ਹੈ। ਇਹ ਬਿਜਲੀ, ਗੈਸ, ਟੈਲੀਫੋਨ, ਪਾਣੀ, ਲੋਨ ਦੀ ਕਿਸ਼ਤ, ਨਿਵੇਸ਼, ਬੀਮਾ ਕਿਸ਼ਤ ਆਦਿ ਦੇ ਭੁਗਤਾਨ ਵਿਚ ਵੀ ਕੰਮ ਕਰਦਾ ਹੈ। ਗੌਰਤਲਬ ਹੈ ਕਿ ਆਰ. ਬੀ. ਆਈ. ਨੇ ਚੈੱਕ ਆਧਾਰਿਤ ਲੈਣ-ਦੇਣ ਨੂੰ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਬਣਾਉਣ ਲਈ ਜਨਵਰੀ ਵਿਚ ਪਾਜ਼ੀਟਿਵ ਪੇਅ ਪ੍ਰਣਾਲੀ ਲਾਗੂ ਕੀਤੀ ਸੀ। ਪਾਜ਼ੀਟਿਵ ਪੇਅ ਪ੍ਰਣਾਲੀ ਵਿਚ 50,000 ਰੁਪਏ ਤੋਂ ਉੱਪਰ ਦੇ ਚੈੱਕ ਭੁਗਤਾਨਾਂ ਲਈ ਵੇਰਵਿਆਂ ਦੀ ਦੁਬਾਰਾ ਜਾਂਚ ਕੀਤੀ ਜਾਂਦੀ ਹੈ।


Sanjeev

Content Editor

Related News