ਡਾਟਾ ਸਿਲੈਕਸ਼ਨ ’ਚ ਸਾਵਧਾਨੀ ਵਰਤਣ ਆਰਥਿਕ ਮਾਹਿਰ : RBI ਗਵਰਨਰ ਦਾਸ
Sunday, Jun 30, 2019 - 12:35 AM (IST)
 
            
            ਨਵੀਂ ਦਿੱਲੀ— ਭਾਰਤੀ ਅਰਥਵਿਵਸਥਾ ਦੀ ਰਫਤਾਰ ਜ਼ਰੂਰ ਘਟ ਗਈ ਹੈ ਪਰ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਦੁਬਾਰਾ ਪਟੜੀ ’ਤੇ ਲਿਆਂਦਾ ਜਾਵੇ। ਉਥੇ ਹੀ ਪਿਛਲੇ ਦਿਨੀਂ ਅਜਿਹਾ ਹੋਇਆ ਕਿ ਕੁੱਝ ਅਰਥਸ਼ਾਸਤਰੀਆਂ ਨੇ ਵਰਤਮਾਨ ਵਿਕਾਸ ਦਰ ਨੂੰ ਲੈ ਕੇ ਸਵਾਲ ਖੜ੍ਹਾ ਕੀਤਾ। ਅਜਿਹੇ ਦਾਅਵਿਆਂ ਦੀ ਵਜ੍ਹਾ ਨਾਲ ਵਿਸ਼ਵ ਭਰ ਦੇ ਨਿਵੇਸ਼ਕ ਪ੍ਰਭਾਵਿਤ ਹੁੰਦੇ ਹਨ। ਇਨ੍ਹਾਂ ਤਮਾਮ ਘਟਨਾਵਾਂ ’ਚ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮਾਹਿਰਾਂ ਨੂੰ ਅੰਕੜੇ ਚੁਣਨ ਦੇ ਤਰੀਕਿਆਂ ਖਿਲਾਫ ਸੁਚੇਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਾਰਥਿਕ ਮਾਹਿਰ ਡਾਟਾ ਸਿਲੈਕਸ਼ਨ ਦੌਰਾਨ ਸਾਵਧਾਨੀ ਵਰਤਣ।
ਦਾਸ ਦਾ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਸਾਬਕਾ ਮੁੱਖ ਅਾਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਆਪਣੇ ਇਕ ਜਾਂਚ ’ਚ ਦਾਅਵਾ ਕੀਤਾ ਸੀ ਕਿ ਦੇਸ਼ ਦੀ ਜੀ. ਡੀ. ਪੀ. ਵਿਕਾਸ ਦੇ ਅੰਦਾਜ਼ਿਆਂ ਨੂੰ ਵਧਾਅ-ਚੜ੍ਹਾਅ ਕੇ ਵਿਖਾਇਆ ਗਿਆ ਹੈ। ਉਨ੍ਹਾਂ ਦੇ ਇਸ ਦਾਅਵੇ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ। ਪ੍ਰਧਾਨ ਮੰਤਰੀ ਦੀ ਅਾਰਥਿਕ ਸਲਾਹਕਾਰ ਕੌਂਸਲ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕਰਦੇ ਹੋਏ ਇਸ ਨੂੰ ਚੋਣ ਦੀ ਬਾਜ਼ੀਗਿਰੀ ਕਰਾਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਵਿੱਤੀ ਸਾਲ 2018-19 ’ਚ ਭਾਰਤੀ ਅਰਥਵਿਵਸਥਾ ਦੀ ਰਫਤਾਰ 6.8 ਫੀਸਦੀ ਦੇ ਆਸ-ਪਾਸ ਰਹੀ। ਹਾਲਾਂਕਿ ਪਹਿਲੀ ਤਿਮਾਹੀ ਦੌਰਾਨ ਵਿਕਾਸ ਦੀ ਰਫਤਾਰ ਸਭ ਤੋਂ ਘੱਟ ਕਰੀਬ 5.8 ਫੀਸਦੀ ਰਹੀ। ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਭਾਰਤੀ ਅਰਥਵਿਵਸਥਾ ਦੀ ਰਫਤਾਰ 2018-19 ’ਚ 7 ਫੀਸਦੀ ਤੋਂ ਘੱਟ ਨਹੀਂ ਹੋਵੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            