ਕੋਰੋਨਾ ਵਾਇਰਸ ਦੇ ਪ੍ਰਸਾਰ ਵਿਚਾਲੇ RBI ਨੇ ਇਕ ਹੀ ਦਿਨ ’ਚ ਤਿਆਰ ਕੀਤਾ ‘ਵਾਰ-ਰੂਮ’
Monday, Mar 23, 2020 - 10:27 AM (IST)
ਮੁੰਬਈ — ਕੇਂਦਰੀ ਰਿਜ਼ਰਵ ਬੈਂਕ ਨੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਦੇਸ਼ ਦੀ ਵਿੱਤੀ ਪ੍ਰਣਾਲੀ ਨੂੰ ਸੁਰੱਖਿਅਤ ਅਤੇ ਚੌਕਸ ਰੱਖਣ ਲਈ ਐਮਰਜੈਂਸੀ ਪੱਧਰ ’ਤੇ ਇਕ ‘ਵਾਰ-ਰੂਮ’ ਤਿਆਰ ਕੀਤਾ ਹੈ। ਇਕ ਅਧਿਕਾਰੀ ਅਨੁਸਾਰ ਰਿਜ਼ਰਵ ਬੈਂਕ ਨੇ ਇਹ ਕਮਰਾ ‘ਸੰਕਟਕਾਲੀਨ ਕਾਰਜ ਯੋਜਨਾ (ਬੀ. ਸੀ. ਪੀ.)’ ਤਹਿਤ ਤਿਆਰ ਕੀਤਾ ਹੈ। ਇਹ 19 ਮਾਰਚ ਤੋਂ ਕੰਮ ਕਰ ਰਿਹਾ ਹੈ ਅਤੇ 24 ਘੰਟੇ ਸਰਗਰਮ ਹੈ।
ਅਧਿਕਾਰੀ ਨੇ ਦੱਸਿਆ ਕਿ ਇਸ ਕਮਰੇ ’ਚ ਰਿਜ਼ਰਵ ਬੈਂਕ ਦੇ 90 ਸਭ ਤੋਂ ਮਹੱਤਵਪੂਰਨ ਲੋਕ ਕੰਮ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਬਾਹਰੀ ਵੈਂਡਰਾਂ ਦੇ 60 ਮੁੱਖ ਕਰਮਚਾਰੀ ਅਤੇ ਹੋਰ ਸਹੂਲਤਾਂ ਲਈ ਕਰੀਬ 70 ਲੋਕ ਵੀ ਕਮਰੇ ਲਈ ਕੰਮ ਕਰ ਰਹੇ ਹਨ। ਰਿਜ਼ਰਵ ਬੈਂਕ ਦੇ ਕਰਮਚਾਰੀਆਂ ਦੇ ਨਾਲ ਹੀ ਦੇਸ਼ ਦੀ ਵਿੱਤੀ ਪ੍ਰਣਾਲੀ ਦੀ ਸੁਰੱਖਿਆ ਲਈ ਕਮਰੇ ਦਾ ਸੰਚਾਲਨ ਇਸ ਤਰ੍ਹਾਂ ਕਾਬੂ ’ਚ ਹੈ ਕਿ ਕਿਸੇ ਵੀ ਸਮੇਂ ਇਕੱਠੇ ਸਿਰਫ 45 ਕਰਮਚਾਰੀ ਹੀ ਕੰਮ ਕਰ ਰਹੇ ਹਨ, ਬਾਕੀ 45 ਨੂੰ ਕੰਮ ਦਾ ਬੋਝ ਵਧਣ ਦੀ ਸਥਿਤੀ ਲਈ ਸੁਰੱਖਿਅਤ ਰੱਖਿਆ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ, ‘‘ਇਹ ਪਹਿਲੀ ਵਾਰ ਹੈ ਜਦੋਂ ਦੁਨੀਆ ਦੇ ਕਿਸੇ ਵੀ ਕੇਂਦਰੀ ਬੈਂਕ ਨੇ ਇਸ ਤਰ੍ਹਾਂ ਦੀ ਬੀ. ਸੀ. ਪੀ. ’ਤੇ ਅਮਲ ਕੀਤਾ ਹੈ। ਇਹ ਸਾਡੇ ਇਤਿਹਾਸ ’ਚ ਵੀ ਪਹਿਲੀ ਵਾਰ ਹੈ ਕਿਉਂਕਿ ਦੂਜੇ ਵਿਸ਼ਵ ਯੁੱਧ ਸਮੇਂ ਵੀ ਅਸੀਂ ਇਸੇ ਤਰ੍ਹਾਂ ਦੀ ਵਿਵਸਥਾ ਨਹੀਂ ਕੀਤੀ ਸੀ।’’ ਇਹ ਕਮਰਾ ਜਿਨ੍ਹਾਂ ਮਹੱਤਵਪੂਰਨ ਗਤੀਵਿਧੀਆਂ ਨੂੰ ਸੰਭਾਲ ਰਿਹਾ ਹੈ, ਉਨ੍ਹਾਂ ’ਚ ਕਰਜ਼ਾ ਪੱਤਰ ਪ੍ਰਬੰਧਨ, ਭੰਡਾਰ ਪ੍ਰਬੰਧਨ ਅਤੇ ਕਰੰਸੀ ਸੰਚਾਲਨ ਸ਼ਾਮਲ ਹੈ।
ਬੀ. ਸੀ. ਪੀ. ਤਹਿਤ ਰਿਜ਼ਰਵ ਬੈਂਕ ਦੇ ਹੋਰ ਡਾਟਾ ਸੈਂਟਰ ਸਟਰੱਕਚਰਡ ਫਾਈਨਾਂਸ਼ੀਅਲ ਮੈਸੇਜਿੰਗ ਸਿਸਟਮ (ਐੱਸ. ਐੱਫ. ਐੱਮ. ਐੱਸ.), ਰੀਅਲ ਟਾਈਮ ਗ੍ਰਾਸ ਸੈਟਲਮੈਂਟ (ਆਰ. ਟੀ. ਜੀ. ਐੱਸ.) ਅਤੇ ਨੈਸ਼ਨਲ ਇਲੈਕਟ੍ਰਾਨਿਕ ਫੰਡਸ ਟਰਾਂਸਫਰ (ਐੱਨ. ਈ. ਐੱਫ. ਟੀ.) ਵਰਗੀਆਂ ਮਹੱਤਵਪੂਰਨ ਸੇਵਾਵਾਂ ਸੰਭਾਲ ਰਹੇ ਹਨ। ਇਨ੍ਹਾਂ ਤੋਂ ਇਲਾਵਾ ਈ-ਕੁਬੇਰ ਦੀ ਵੀ ਵਿਵਸਥਾ ਕੀਤੀ ਗਈ ਹੈ, ਜਿਸ ਤਹਿਤ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਲੈਣ-ਦੇਣ ਅਤੇ ਇਕ ਬੈਂਕ ਤੋਂ ਦੂਜੇ ਬੈਂਕ ਦੇ ਲੈਣ-ਦੇਣ ਆਦਿ ਨੂੰ ਸੰਭਾਲਿਆ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ, ‘‘ਇਹ ਇਕ ਅਜਿਹਾ ਮਾਡਲ ਹੈ, ਜਿਸ ਨੂੰ ਸਾਡੀ ਵਿੱਤੀ ਪ੍ਰਣਾਲੀ ’ਚ ਅਤੇ ਪੂਰੀ ਦੁਨੀਆ ’ਚ ਪਹਿਲੀ ਵਾਰ ਅਮਲ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।