RBI ਅਤੇ ਬੈਂਕ ਇੰਡੋਨੇਸ਼ੀਆ ਭੁਗਤਾਨ ਪ੍ਰਣਾਲੀ ’ਚ ਸਹਿਯੋਗ ਵਧਾਉਣ ’ਤੇ ਸਹਿਮਤ

Saturday, Jul 16, 2022 - 06:12 PM (IST)

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਅਤੇ ਬੈਂਕ ਇੰਡੋਨੇਸ਼ੀਆ ਨੇ ਸ਼ਨੀਵਾਰ ਨੂੰ ਇਕ ਸਮਝੌਤਾ ਕੀਤਾ, ਜਿਸ ਦੇ ਤਹਿਤ ਭੁਗਤਾਨ ਪ੍ਰਣਾਲੀ ਅਤੇ ਡਿਜੀਟਲ ਵਿੱਤੀ ਇਨੋਵੇਸ਼ਨ ’ਚ ਸਹਿਯੋਗ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਦੋਵੇਂ ਪੱਖਾਂ ਦਰਮਿਆਨ ਮਨੀ ਲਾਂਡਰਿੰਗ ਅਤੇ ਅੱਤਵਾਦ ਦੀ ਫੰਡਿੰਗ ਦਾ ਪ੍ਰਤੀਰੋਧ (ਸੀ. ਐੱਫ. ਟੀ.) ਵਰਗੇ ਖੇਤਰਾਂ ’ਚ ਵੀ ਇਕ-ਦੂਜੇ ਦੀ ਮਦਦ ਕਰਨ ’ਤੇ ਸਹਿਮਤੀ ਬਣੀ ਹੈ। ਦੋਵੇਂ ਕੇਂਦਰੀ ਬੈਂਕਾਂ ਨੇ ਆਪਸੀ ਸਹਿਯੋਗ ਵਧਾਉਣ ਲਈ ਬਾਲੀ ’ਚ ਜੀ20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰ ਦੀ ਬੈਠਕ ਦੌਰਾਨ ਇਕ ਸਹਿਮਤੀ ਪੱਤਰ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ।

ਆਰ. ਬੀ. ਆਈ. ਨੇ ਇਕ ਬਿਆਨ ’ਚ ਕਿਹਾ ਕਿ ਇਸ ਐੱਮ. ਓ. ਯੂ. ਨਾਲ ਆਰ. ਬੀ. ਆਈ. ਅਤੇ ਬੀ. ਆਈ. (ਬੈਂਕ ਇੰਡੋਨੇਸ਼ੀਆ), ਦੋਵੇਂ ਕੇਂਦਰੀ ਬੈਂਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਭੁਗਤਾਨ ਪ੍ਰਣਾਲੀ, ਭੁਗਤਾਨ ਸੇਵਾਵਾਂ ’ਚ ਡਿਜੀਟਲ ਇਨੋਵੇਸ਼ਨ ਅਤੇ ਏ. ਐੱਮ. ਐੱਲ.-ਸੀ. ਐੱਫ. ਟੀ. ਲਈ ਰੈਗੂਲੇਟਰ ਅਤੇ ਸੁਪਰਵਾਈਜ਼ਰੀ ਫਰੇਮਵਰਕ ਸਮੇਤ ਸੂਚਨਾ ਅਤੇ ਸਹਿਯੋਗ ਦੇ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ। ਐੱਮ. ਓ. ਯੂ. ਨੂੰ ਨੀਤੀਗਤ ਰਾਬਤੇ, ਤਕਨੀਕੀ ਸਹਿਯੋਗ, ਸੂਚਨਾਵਾਂ ਦੇ ਆਦਾਨ-ਪ੍ਰਦਾਨ ਅਤੇ ਸਾਂਝੇ ਕਾਰਜ ਰਾਹੀਂ ਲਾਗੂ ਕੀਤਾ ਜਾਵੇਗਾ।

ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਬੀ. ਆਈ. ਗਵਰਨਰ ਪੇਰੀ ਵਾਰਜੀਓ ਦੀ ਹਾਜ਼ਰੀ ’ਚ ਆਰ. ਬੀ. ਆਈ. ਦੇ ਡਿਪਟੀ ਗਵਰਨਰ ਮਾਈਕਲ ਦੇਵਵ੍ਰਤ ਪਾਤਰਾ ਅਤੇ ਬੀ. ਆਈ. ਦੇ ਡਿਪਟੀ ਗਵਰਨਰ ਡੋਡੀ ਬੁਡੀ ਵਾਲੁਯੋ ਨੇ ਇਸ ’ਤੇ ਹਸਤਾਖਰ ਕੀਤੇ। ਇਸ ਮੌਕੇ ’ਤੇ ਦਾਸ ਨੇ ਕਿਹਾ ਕਿ ਇਹ ਐੱਮ. ਓ. ਯੂ. ਸਾਡੇ ਸਾਂਝੇ ਯਤਨਾਂ ਨੂੰ ਇਕ ਰਸਮੀ ਸਿਸਟਮ ਦੇ ਅੰਦਰ ਅੱਗੇ ਵਧਾਉਣ ਦੀ ਦਿਸ਼ਾ ’ਚ ਵਧਾਇਆ ਗਿਆ ਕਦਮ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਸ ਸਮਝੌਤੇ ਨਾਲ ਦੋਵੇਂ ਦੇਸ਼ਾਂ ਨੂੰ ਆਪਣੀਆਂ ਵਿੱਤੀ ਪ੍ਰਣਾਲੀਆਂ ਨੂੰ ਪਹੁੰਚਯੋਗ, ਸਮਾਵੇਸ਼ੀ ਅਤੇ ਸੁਰੱਖਿਅਤ ਬਣਾਉਣ ’ਚ ਮਦਦ ਮਿਲੇਗੀ।


Harinder Kaur

Content Editor

Related News