ਰੇਲਵੇ ਨੂੰ ਬੁਲੇਟ ਟਰੇਨ ਲਈ ਮਿਲੀ ਹਰੀ ਝੰਡੀ, ਦੋ ਘੰਟੇ ''ਚ ਦੌੜੇਗੀ 500 KM

Tuesday, Dec 01, 2020 - 07:42 PM (IST)

ਨਵੀਂ ਦਿੱਲੀ— ਭਾਰਤੀ ਰੇਲਵੇ ਨੂੰ 508 ਕਿਲੋਮੀਟਰ ਲੰਮੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕੋਰੀਡੋਰ ਲਈ ਗੁਜਰਾਤ ਅਤੇ ਮਹਾਰਾਸ਼ਟਰ 'ਚ ਸਾਰੇ ਤਰ੍ਹਾਂ ਦੀ ਵਾਤਾਵਰਣ ਮਨਜ਼ੂਰੀ ਮਿਲ ਗਈ ਹੈ। ਇਕ ਵਰਚੁਅਲ ਪ੍ਰੈੱਸ ਕਾਨਫਰੰਸ 'ਚ ਰੇਲਵੇ ਬੋਰਡ ਚੇਅਰਮੈਨ ਅਤੇ ਸੀ. ਈ. ਓ. ਵਿਨੋਦ ਕੁਮਾਰ (ਵੀ.ਕੇ.) ਯਾਦਵ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀ.ਕੇ. ਯਾਦਵ ਨੇ ਕਿਹਾ ਕਿ ਬੁਲੇਟ ਟਰੇਨ ਪ੍ਰਾਜੈਕਟ ਲਈ ਜ਼ਰੂਰੀ ਕੁੱਲ ਜ਼ਮੀਨ ਦਾ 67 ਫ਼ੀਸਦੀ ਹਿੱਸਾ ਹੁਣ ਤੱਕ ਭਾਰਤੀ ਰੇਲਵੇ ਨੂੰ ਮਿਲ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਗੁਜਰਾਤ 'ਚ ਚਾਹੀਦੀ 956 ਹੈਕਟੇਅਰ ਜ਼ਮੀਨ 'ਚੋਂ ਹੁਣ ਤੱਕ 825 ਹੈਕਟੇਅਰ ਪ੍ਰਾਪਤ ਹੋ ਚੁੱਕੀ ਹੈ, ਜੋ ਕਿ 86 ਫ਼ੀਸਦੀ ਬਣਦੀ ਹੈ। ਹਾਲਾਂਕਿ, ਮਹਾਰਾਸ਼ਟਰ 'ਚ ਲੋੜੀਂਦੀ 432 ਹੈਕਟੇਅਰ ਜ਼ਮੀਨ 'ਚੋਂ ਹੁਣ ਤੱਕ 22 ਫ਼ੀਸਦੀ ਯਾਨੀ 97 ਹੈਕਟੇਅਰ ਪ੍ਰਾਪਤ ਕੀਤੀ ਗਈ ਹੈ ਅਤੇ ਦਾਦਰਾ ਅਤੇ ਨਗਰ ਹਵੇਲੀ 'ਚ 8 ਹੈਕਟੇਅਰ ਜ਼ਮੀਨ 'ਚੋਂ ਹੁਣ ਤੱਕ 7 ਹੈਕਟੇਅਰ ਦੀ ਪ੍ਰਾਪਤੀ ਕੀਤੀ ਗਈ ਹੈ।


ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਸਮੇਂ ਦੇ ਜਾਪਾਨ ਦੇ ਪੀ. ਐੱਮ. ਸ਼ਿੰਜੋ ਆਬੇ ਨੇ 14 ਸਤੰਬਰ, 2017 ਨੂੰ 1.08 ਲੱਖ ਕਰੋੜ ਰੁਪਏ (17 ਅਰਬ ਡਾਲਰ) ਦੇ ਉਤਸ਼ਾਹੀ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਪ੍ਰਾਜੈਕਟ ਨੂੰ ਪੂਰਾ ਕਰਨ ਲਈ ਅੰਤਿਮ ਤਾਰੀਖ਼ ਦਸੰਬਰ 2023 ਮਿੱਥੀ ਗਈ ਸੀ। ਬੁਲੇਟ ਟਰੇਨ 350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਦੀ ਉਮੀਦ ਹੈ, ਜੋ ਲਗਭਗ ਦੋ ਘੰਟਿਆਂ 'ਚ 508 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਦੇ ਮੁਕਾਬਲੇ ਇਸ ਵੇਲੇ ਇਸ ਮਾਰਗ 'ਤੇ ਚੱਲਣ ਵਾਲੀਆਂ ਰੇਲ ਗੱਡੀਆਂ ਦੂਰੀ ਤੈਅ ਕਰਨ 'ਚ ਸੱਤ ਘੰਟੇ ਤੋਂ ਵੱਧ ਸਮਾਂ ਲੈਂਦੀਆਂ ਹਨ, ਜਦੋਂ ਕਿ ਉਡਾਣਾਂ 'ਚ ਇਕ ਘੰਟਾ ਲੱਗਦਾ ਹੈ।


Sanjeev

Content Editor

Related News