ਬੇਟਿਕਟ ਯਾਤਰੀਆਂ ਨੇ ਰੇਲਵੇ ਨੂੰ ਕੀਤਾ ਮਾਲਾਮਾਲ, ਕਰਾਈ ਇੰਨੀ ਕਮਾਈ
Sunday, Aug 23, 2020 - 09:22 PM (IST)

ਨਵੀਂ ਦਿੱਲੀ- ਰੇਲਵੇ ਨੇ 2019-20 ਵਿਚ ਇਕ ਕਰੋੜ ਤੋਂ ਜ਼ਿਆਦਾ ਯਾਤਰੀ ਬਿਨਾ ਟਿਕਟ ਯਾਤਰਾ ਕਰਦੇ ਹੋਏ ਫੜੇ ਅਤੇ ਇਨ੍ਹਾਂ ਯਾਤਰੀਆਂ 'ਤੇ ਲਗਾਏ ਗਏ ਜੁਰਮਾਨੇ ਨਾਲ ਰੇਲਵੇ ਨੂੰ 561.73 ਕਰੋੜ ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ ਸੀ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਮਿਲੀ ਹੈ।
4 ਸਾਲ ਵਿਚ ਕਿੰਨੀ ਕਮਾਈ-
ਰੇਲਵੇ ਨੇ 2016-2020 ਵਿਚਕਾਰ ਬਿਨਾਂ ਟਿਕਟ ਯਾਤਰੀਆਂ 'ਤੇ ਲਗਾਏ ਗਏ ਜੁਰਮਾਨੇ ਨਾਲ 1,938 ਕਰੋੜ ਰੁਪਏ ਦੀ ਕਮਾਈ ਕੀਤੀ। ਇਹ 2016 ਤੋਂ 38.57 ਫੀਸਦੀ ਵਧੇਰੇ ਹੈ। ਰੇਲਵੇ ਨੇ ਦੱਸਿਆ ਕਿ 2016-17 ਵਿਚ ਬੇਟਿਕਟ ਯਾਤਰੀਆਂ ਤੋਂ ਜੁਰਮਾਨੇ ਦੇ ਰੂਪ ਵਿਚ 405.30 ਕਰੋੜ ਰੁਪਏ ਕਮਾਏ। ਉੱਥੇ ਹੀ 2017-18 ਵਿਚ ਰੇਲਵੇ ਨੇ 441.62 ਕਰੋੜ ਰੁਪਏ ਅਜਿਹੇ ਲੋਕਾਂ ਕੋਲੋਂ ਵਸੂਲੇ ਤੇ ਸਾਲ 2018-19 ਵਿਚ 530.06 ਕਰੋੜ ਰੁਪਏ ਕਮਾਏ। ਸਾਲ 2019-2020 ਵਿਚ ਇਕ ਕਰੋੜ 10 ਲੱਖ ਯਾਤਰੀ ਬੇਟਿਕਟ ਯਾਤਰਾ ਕਰਦੇ ਫੜੇ ਗਏ।
ਬਣਿਆ ਹੈ ਨਿਯਮ-
ਭਾਰਤੀ ਰੇਲਵੇ ਨੇ ਬੇਟਿਕਟ ਯਾਤਰਾ ਕਰਨ 'ਤੇ ਰੋਕ ਲਗਾਉਣ ਦੇ ਲਈ ਨਿਯਮ ਬਣਾਏ ਹਨ। ਬੇਟਿਕਟ ਯਾਤਰੀਆਂ ਨੂੰ ਟਿਕਟ ਦੀ ਲਾਗਤ ਨਾਲ ਘੱਟੋ-ਘੱਟ 250 ਰੁਪਏ ਦਾ ਜੁਰਮਾਨਾ ਦੇਣਾ ਹੁੰਦਾ ਹੈ। ਜੇਕਰ ਕੋਈ ਯਾਤਰੀ ਜੁਰਮਾਨਾ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਰੇਲਵੇ ਸੁਰੱਖਿਆ ਬਲ ਨੂੰ ਸੌਂਪ ਦਿੱਤਾ ਜਾਂਦਾ ਹੈ ਅਤੇ ਉਸ ਦੇ ਖਿਲਾਫ ਰੇਲਵੇ ਐਕਟ ਦੀ ਧਾਰਾ 137 ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ।
ਇਸ ਦੇ ਬਾਅਦ ਵਿਅਕਤੀ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਮੈਜੀਸਟਰੇਟ ਉਸ ਉੱਤੇ ਇਕ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਗਾ ਸਕਦਾ ਹੈ। ਜੇਕਰ ਵਿਅਕਤੀ ਅਜੇ ਵੀ ਜੁਰਮਾਨਾ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ 6 ਮਹੀਨਿਆਂ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਇਸ ਦੇ ਨਾਲ ਹੀ ਰੇਲਵੇ ਨੇ ਕੋਰੋਨਾ ਵਾਇਰਸ ਕਾਰਨ ਟਿਕਟ ਰੱਦ ਕਰਨ ਦੇ ਅੰਕੜੇ ਵੀ ਜਾਰੀ ਕੀਤੇ ਹਨ। ਇਸ ਮੁਤਾਬਕ ਮਾਰਚ ਤੋਂ 1.78 ਕਰੋੜ ਤੋਂ ਜ਼ਿਆਦਾ ਟਿਕਟਾਂ ਰੱਦ ਕੀਤੀਆਂ ਅਤੇ 2,727 ਕਰੋੜ ਰੁਪਏ ਦੀ ਰਕਮ ਵਾਪਸ ਲਈ ਗਈ। ਤੁਹਾਨੂੰ ਦੱਸ ਦਈਏ ਕਿ ਰੇਲਵੇ ਨੇ 25 ਮਾਰਚ ਤੋਂ ਹੀ ਯਾਤਰੀ ਟਰੇਨ ਸੇਵਾਵਾਂ ਸਥਿਗਤ ਕਰ ਦਿੱਤੀਆਂ ਸਨ, ਉੱਥੇ ਹੀ ਹੁਣ ਵੀ ਨਿਯਮਿਤ ਗੱਡੀਆਂ ਨਹੀਂ ਚੱਲ ਰਹੀਆਂ।