ਜਲੰਧਰ ਅਰਬਨ ਅਸਟੇਟ ’ਚ ਸੀ-7 ਰੇਲਵੇ ਫਾਟਕ ਨੂੰ ਖੋਲ੍ਹਣ ਦਾ ਹੁਕਮ ਜਾਰੀ
Thursday, Sep 18, 2025 - 11:07 PM (IST)

ਜਲੰਧਰ, (ਮਨੋਜ)– ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਰੇਲ ਮੰਤਰਾਲਾ ਨੇ ਜਲੰਧਰ ਦੇ ਅਰਬਨ ਅਸਟੇਟ ਵਿਚ ਰੇਲਵੇ ਫਾਟਕ ਸੀ-7 ਨੂੰ ਖੋਲ੍ਹਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇਸ ਫਾਟਕ ਦੇ ਖੁੱਲ੍ਹਣ ਨਾਲ ਕਈ ਕਾਲੋਨੀਆਂ ਦੇ ਸੈਂਕੜੇ ਲੋਕਾਂ ਨੂੰ ਭਾਰੀ ਰਾਹਤ ਮਿਲ ਜਾਵੇਗੀ। ਇਸ ਫਾਟਕ ਨੂੰ ਖੁਲ੍ਹਵਾਉਣ ਲਈ ਸੁਸ਼ੀਲ ਰਿੰਕੂ ਨੇ ਪਿਛਲੇ ਕਈ ਦਿਨਾਂ ਤੋਂ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਅਤੇ ਰੇਲ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਹੋਇਆ ਸੀ।
ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਇਸ ਫਾਟਕ ਨੂੰ ਖੁਲ੍ਹਵਾਉਣ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਮੁਲਾਕਾਤ ਕੀਤੀ। ਰੇਲ ਮੰਤਰੀ ਦੇ ਹੁਕਮ ਤੋਂ ਬਾਅਦ ਰੇਲ ਮੰਤਰਾਲੇ ਨੇ ਉਕਤ ਫਾਟਕ ਨੂੰ ਖੋਲ੍ਹਣ ਲਈ ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਨੂੰ ਚਿੱਠੀ ਭੇਜੀ ਹੈ। ਡੀ. ਆਰ. ਐੱਮ. ਨੇ ਰੇਲਵੇ ਫਾਟਕ ਨੂੰ ਖੁਲ੍ਹਵਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਜਲਦ ਇਹ ਰੇਲਵੇ ਫਾਟਕ ਖੁੱਲ੍ਹ ਜਾਵੇਗਾ।
ਅਰਬਨ ਅਸਟੇਟ ਸਥਿਤ ਰੇਲਵੇ ਫਾਟਕ ਸੀ-7 ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਸੀ। ਇਸ ਕਾਰਨ ਇਲਾਕਾ ਵਾਸੀਆਂ ਨੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਸੀ ਕਿ ਬੰਦ ਫਾਟਕ ਨੂੰ ਖੁਲ੍ਹਵਾਇਆ ਜਾਵੇ। ਪਿਛਲੇ ਦਿਨੀਂ ਸੁਸ਼ੀਲ ਰਿੰਕੂ ਨੇ ਰੇਲਵੇ ਅਧਿਕਾਰੀਆਂ ਨਾਲ ਬੰਦ ਪਏ ਫਾਟਕ ਦਾ ਦੌਰਾ ਵੀ ਕੀਤਾ ਸੀ। ਇਸ ਤੋਂ ਬਾਅਦ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਉਨ੍ਹਾਂ ਮੁਲਾਕਾਤ ਕਰ ਕੇ ਫਾਟਕ ਨੂੰ ਖੁਲ੍ਹਵਾਉਣ ਦੀ ਮੰਗ ਕੀਤੀ ਸੀ।
ਸੁਸ਼ੀਲ ਰਿੰਕੂ ਦੀ ਮੰਗ ਤੋਂ ਬਾਅਦ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਰੇਲ ਅਧਿਕਾਰੀਆਂ ਨੂੰ ਇਸ ਫਾਟਕ ਨੂੰ ਖੋਲ੍ਹਣ ਦਾ ਹੁਕਮ ਦੇ ਦਿੱਤਾ। ਰਿੰਕੂ ਨੇ ਦੱਸਿਆ ਕਿ ਪਿਛਲੇ ਦਿਨੀਂ ਮੋਹਲੇਧਾਰ ਮੀਂਹ ਦੌਰਾਨ ਰੇਲਵੇ ਅੰਡਰਪਾਸ ਵਿਚ ਪਾਣੀ ਭਰ ਗਿਆ, ਜਿਸ ਕਾਰਨ ਉਥੇ ਆਵਾਜਾਈ ਬੰਦ ਕਰ ਦਿੱਤੀ ਗਈ, ਜਿਸ ਨਾਲ ਅਰਬਨ ਅਸਟੇਟ ਸਮੇਤ ਕਈ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਰੇਲਵੇ ਨੇ ਜਲੰਧਰ ਦੇ ਸੁਭਾਨਾ ਵਿਚ ਅੰਡਰਪਾਸ ਬਣਾਇਆ। ਇਸ ਅੰਡਰਪਾਸ ਦੇ ਚਾਲੂ ਕਰਨ ਤੋਂ ਬਾਅਦ ਰੇਲਵੇ ਨੇ ਅਰਬਨ ਅਸਟੇਟ ਵਿਚ ਰੇਲਵੇ ਫਾਟਕ ਨੰਬਰ ਸੀ-7 ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਸੀ, ਜਿਸ ਨਾਲ ਸੈਂਕੜੇ ਘਰਾਂ ਦੇ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਹੋ ਗਈ। ਮੀਂਹ ਦੌਰਾਨ ਜਦੋਂ ਇਸ ਅੰਡਰਪਾਸ ਵਿਚ ਪਾਣੀ ਜਮ੍ਹਾ ਹੋਇਆ ਤਾਂ ਲੋਕ ਆਪਣੇ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਸਨ। ਹੁਣ ਫਾਟਕ ਖੋਲ੍ਹਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ।