ਅੰਮ੍ਰਿਤਸਰ ਦੀ DC ਸਾਹਨੀ ਨੇ ਕੀਤਾ ਵੱਡਾ ਐਲਾਨ
Monday, Sep 15, 2025 - 02:07 PM (IST)

ਅੰਮ੍ਰਿਤਸਰ/ਨਿਰਵੈਲ (ਨੀਰਜ)-ਪਿਛਲੇ ਦੋ ਹਫਤਿਆਂ ਤੋਂ ਅਜਨਾਲਾ ਐੱਸ. ਡੀ. ਐੱਮ. ਦਫਤਰ ’ਚ ਡੇਰਾ ਲਾਈ ਬੈਠੇ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਸ਼ੁਰੂ ਕੀਤੀ ਗਈ ਸਾਂਝਾ ਉਪਰਾਲਾ ਮੁਹਿੰਮ ਸਫਲ ਸਾਬਿਤ ਹੋ ਰਿਹਾ ਹੈ। ਜਾਣਕਾਰੀ ਮੁਤਾਬਿਕ ਡੀ. ਸੀ. ਵੱਲੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨਾਲ ਸਮੂਹ ਐੱਨ. ਜੀ. ਓਜ਼ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ’ਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ , ਰੋਜ਼ਗਾਰ ਦੀ ਬਹਾਲੀ ਅਤੇ ਸਰਦੀ ਦੇ ਮੌਸਮ ਤੋਂ ਇਲਾਵਾ ਖੇਤਾਂ ’ਚ ਜਮ੍ਹਾ ਰੇਤ ਅਤੇ ਗਾਰ ਨੂੰ ਕੱਢਣ, ਗਰਮ ਕੱਪੜਿਆਂ ਦੀ ਜ਼ਰੂਰਤ, 8 ਹਜ਼ਾਰ ਸਕੂਲ ਕਿੱਟਸ, ਸੈਲਫ ਹੈਲਪ ਗਰੁੱਪਸ, ਡੀਜ਼ਲ, ਪੈਟਰੋਲ, ਦਵਾਈਆਂ ਅਤੇ ਵੈਟਰਨਰੀ ਦਵਾਈਆਂ ਦੇ ਮੁੱਦਿਆਂ ਦੇ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ,ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਸੰਸਦ ਮੈਂਬਰ ਸਾਹਨੀ ਨੇ 5 ਜੇ.ਸੀ. ਬੀ. ਮਸ਼ੀਨਾਂ ਰੇਤ ਹਟਾਉਣ ਲਈ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਨ ਫਾਊਂਡੇਸ਼ਨ ਵੱਲੋਂ ਮੁਫਤ ਪਲੰਬਰ, ਇਲੈਕਟ੍ਰੀਸ਼ੀਅਨ ਸੇਵਾਵਾਂ ਵੀ ਉਪਲਬੱਧ ਕਰਵਾਈਆਂ ਜਾਣਗੀਆਂ। ਐੈੱਨ. ਜੀ. ਓ. ਸਰਬੱਤ ਦਾ ਭਲਾ, ਪਿੰਗਲਵਾੜਾ, ਖਾਲਸਾ ਏਡ, ਰਿਲਾਇੰਸ ਫਾਊਂਡੇਸ਼ਨ, ਕਲਗੀਧਰ ਟਰੱਸਟ, ਰੈੱਡ ਕਰਾਸ ਸੋਸਾਇਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਜ਼ਰੂਰਤਮੰਦਾਂ ਨੂੰ ਦੇਣ ਦਾ ਐਲਾਨ ਕੀਤਾ। ਵਿਧਾਇਕ ਕੁਲਦੀਪ ਧਾਲੀਵਾਲ ਸਾਂਝਾ ਉਪਰਾਲਾ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਸਾਰਿਆਂ ਨੰ ਮਿਲ ਕੇ ਸੇਵਾ ਕਰਨ ਦੀ ਅਪੀਲ ਕੀਤੀ ਤਾਂ ਕਿ ਸਾਰੇ ਜ਼ਰੂਰਤਮੰਦਾਂ ਨੂੰ ਮਦਦ ਮਿਲ ਸਕੇ। ਸਰੱਬਤ ਦਾ ਭਲਾ ਟਰੱਸਟ ਨੇ ਪਸ਼ੂਆਂ ਲਈ ਲਗਾਤਾਰ ਚਾਰੇ ਦੀ ਨਿਰੰਤਰ ਸਪਲਾਈ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ-ਪੰਜਾਬੀਆਂ ਦੇ ਗਲ਼ ਪੈ ਗਈ ਨਵੀਂ ਆਫਤ, 329 ਪਿੰਡਾਂ ਦੇ 1,87,058 ਲੋਕ...
ਕਲਗੀਧਰ ਟਰਸੱਟ ਕਰ ਰਹੀ ਪੱਖਿਆਂ, ਕੂਲਰਾਂ, ਮੋਟਰਾਂ ਰਿਪੇਅਰ ਕਰਨ ਦੀ ਸੇਵਾ
ਅੰਮ੍ਰਿਤਸਰ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵੱਲੋਂ ਘੋਨੇਵਾਲ ਤਹਿਸੀਲ ਰਮਦਾਸ ਵਿਚ ਪੱਖੇ, ਮੋਟਰ, ਵਾਸ਼ਿੰਗ ਮਸ਼ੀਨ, ਕੂਲਰ ਆਦਿ ਘਰਾਂ ਿਵਚ ਵਰਤੋਂ ਕੀਤੀ ਜਾਣ ਵਾਲੀ ਮਸ਼ੀਨਰੀ ਦੀ ਸੇਵਾ ਕੀਤੀ ਜਾ ਰਹੀ ਹੈ। ਟਰੱਸਟ ਦੇ ਵਾਲੰਟੀਅਰਜ਼ ਘਰ-ਘਰ ਜਾ ਕੇ ਲੋਕਾਂ ਦਾ ਹਾਲ ਪੁੱਛ ਰਹੇ ਹਨ। ਬੇਘਰ ਲੋਕਾਂ ਨੂੰ ਤੁਰੰਤ ਛੱਤ ਦੇਣ ਦੇ ਲਈ ਫੈਬਰੀਕੇਟਡ ਮਕਾਨ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਬੀਬੀ ਕੌਲਾਂ ਜੀ ਟਰੱਸਟ ਵੱਲੋਂ ਪਸ਼ੂ ਧਨ ਦੇਣ ਦਾ ਅੈਲਾਨ ਕੀਤਾ ਗਿਆ ਹੇ।
ਇਹ ਵੀ ਪੜ੍ਹੋ-ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨਾਂ ਨੂੰ ਡਾ. ਓਬਰਾਏ ਨੇ ਘਰੀਂ ਪਹੁੰਚਾਇਆ
ਝੋਨੇ ਦੀ ਖਰੀਦ ਲਈ 48 ਮੰਡੀਆਂ ਨੋਟੀਫਾਈਡ
ਹੜ੍ਹ ਪੀੜਤ ਲੋਕਾਂ ਦੇ ਪੁਨਰਵਾਸ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖਰੀਦ ਦੀ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਗਈਆਂ ਹਨ। ਡੀ. ਸੀ. ਸਾਕਸ਼ੀ ਨੇ ਜ਼ਿਲਾ ਮੰਡੀ ਅਫਸਰ, ਫੂਡ ਸਪਲਾਈ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ ਜਾਵੇ। ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਅਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਜ਼ਿਲੇ ਵਿਚ ਝੋਨੇ ਦੀ ਖਰੀਦ ਲਈ 48 ਮੰਡੀਆਂ ਨੋਟੀਫਾਇਡ ਕੀਤੀਆਂ ਗਈਆਂ ਹਨ। ਝੋਨੇ ਦਾ ਐੱਮ. ਐੱਸ. ਪੀ. 2389 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।
ਕੰਬਾਈਨਾਂ ’ਤੇ ਐੱਸ. ਐੱਮ. ਐੱਸ. ਲਾਉਣਾ ਜ਼ਰੂਰੀ
ਅੰਮ੍ਰਿਤਸਰ ਏ. ਡੀ. ਸੀ. ਅਮਨਦੀਪ ਕੌਰ ਵੱਲੋਂ ਜ਼ਿਲੇ ਦੇ ਕੰਬਾਈਨ ਹਾਰਵੈਸਟਰ ਆਪ੍ਰੇਟਰਾਂ ਦੇ ਨਾਲ ਮੀਟਿੰਗ ਕਰਕੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਾਰੀਆਂ ਕੰਬਾਈਨਾਂ ’ਤੇ ਐੱਸ. ਐੱਮ. ਐੱਸ. ਲਾਉਣਾ ਜ਼ਰੂਰੀ ਹੈ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਝੋਨੇ ਦੀ ਕਟਾਈ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਕੀਤੀ ਜਾਵੇਗੀ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਪਹਿਲੀ ਉਲੰਘਣਾ ’ਤੇ 50 ਹਜ਼ਾਰ , ਦੂਜੀ ਵਾਰੀ 75 ਹਜ਼ਾਰ ਅਤੇ ਤੀਜੀ ਵਾਰੀ ਇਕ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8