ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਲੈ ਕੇ ਅਹਿਮ ਖ਼ਬਰ, ਯਾਤਰੀਆਂ ਨੂੰ ਮਿਲੀ ਵੱਡੀ ਸਹੂਲਤ

Tuesday, Sep 16, 2025 - 11:19 AM (IST)

ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਲੈ ਕੇ ਅਹਿਮ ਖ਼ਬਰ, ਯਾਤਰੀਆਂ ਨੂੰ ਮਿਲੀ ਵੱਡੀ ਸਹੂਲਤ

ਚੰਡੀਗੜ੍ਹ (ਲਲਨ) : ਹੁਣ ਯਾਤਰੀਆਂ ਨੂੰ ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਦੀ ਭੀੜ ਤੋਂ ਛੁਟਕਾਰਾ ਮਿਲੇਗਾ। ਰੇਲਵੇ ਵੱਲੋਂ ਵੱਡਾ ਕਾਨਕੋਰਸ ਏਰੀਆ ਤਿਆਰ ਕੀਤਾ ਗਿਆ ਹੈ, ਜਿੱਥੇ ਯਾਤਰੀ ਟਰੇਨ ਦੀ ਉਡੀਕ ਕਰ ਸਕਣਗੇ। ਇਸ ਨਾਲ ਪਲੇਟਫਾਰਮ ’ਤੇ ਭੀੜ ਘੱਟ ਹੋਵੇਗੀ ਤੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਯਾਤਰਾ ਕਰਨ ਦੀ ਸਹੂਲਤ ਮਿਲੇਗੀ। ਰੇਲਵੇ ਸਟੇਸ਼ਨ ਪਲੇਟਫਾਰਮ ’ਤੇ ਭੀੜ ਨੂੰ ਧਿਆਨ ’ਚ ਰੱਖਦਿਆਂ ਕਾਨਕੋਰਸ ਏਰੀਆ ਬਣਾਇਆ ਜਾ ਰਿਹਾ ਹੈ। ਯਾਤਰੀ ਕਾਨਕੋਰਸ ’ਚ ਟਰੇਨ ਦਾ ਇੰਤਜ਼ਾਰ ਕਰਨਗੇ। ਇਸ ਨਾਲ ਪਲੇਟਫਾਰਮ ’ਤੇ ਭੀੜ ਨਹੀਂ ਹੋਵੇਗੀ। ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਦੋਹਾਂ ਇਮਾਰਤਾਂ ਦੇ ਵਿਚਕਾਰ ਕਰੀਬ 72 ਗੁਣਾ 82 ਮੀਟਰ ਦਾ ਏਰੀਆ ਬਣਾਇਆ ਗਿਆ ਹੈ। ਇਸਦੀ ਫਿਨਿਸ਼ਿੰਗ ਦਾ ਕੰਮ ਚੱਲ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨਕੋਰਸ ਏਰੀਏ ’ਚ ਇਕੱਠੇ 8 ਤੋਂ 10 ਹਜ਼ਾਰ ਯਾਤਰੀ ਆ ਸਕਦੇ ਹਨ। ਇਸ ਏਰੀਏ ਨੂੰ ਬਣਾਉਣ ਦਾ ਮੁੱਖ ਮਕਸਦ ਇਹ ਹੈ ਕਿ ਜਿਸ ਯਾਤਰੀ ਦੀ ਟਰੇਨ ਪਲੇਟਫਾਰਮ ’ਤੇ ਆ ਰਹੀ ਹੈ, ਉਹੀ ਯਾਤਰੀ ਪਲੇਟਫਾਰਮ ’ਤੇ ਜਾਵੇਗਾ। ਅਜਿਹੀ ਸਥਿਤੀ ’ਚ ਯਾਤਰੀਆਂ ਨੂੰ ਭੀੜ ਤੋਂ ਛੁਟਕਾਰਾ ਮਿਲੇਗਾ ਤੇ ਉਨ੍ਹਾਂ ਦਾ ਸਾਮਾਨ ਚੋਰੀ ਹੋਣ ਦੀ ਸੰਭਾਵਨਾ ਘੱਟ ਹੋਵੇਗੀ।
ਪਲੇਟਫਾਰਮ ’ਤੇ ਜਾਣ ਵਾਲੇ ਰਸਤੇ ’ਤੇ ਲਾਇਆ ਜਾਵੇਗਾ ਬੂਮ ਬੈਰੀਅਰ
ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ਼ ਪਲੇਟਫਾਰਮ ਨੰਬਰ 1 ਤੇ 6 ਦੇ ਯਾਤਰੀ ਟਿਕਟ ਦੇ ਨਾਲ ਕਾਨਕੋਰਸ ਏਰੀਏ ’ਚ ਜਾਣ ਦੀ ਬਜਾਏ ਪਲੇਟਫਾਰਮ ’ਤੇ ਜਾ ਸਕਦੇ ਹਨ। ਕਾਨਕੋਰਸ ਏਰੀਏ ’ਚ ਉਡੀਕ ਕਰ ਰਹੇ ਯਾਤਰੀ ਬਿਨਾਂ ਟਿਕਟ ਦੇ ਪਲੇਟਫਾਰਮ ’ਤੇ ਨਹੀਂ ਜਾ ਸਕਣਗੇ। ਅਧਿਕਾਰੀ ਨੇ ਦੱਸਿਆ ਕਿ ਯਾਤਰੀ ਕੋਲ ਟਰੇਨ ਟਿਕਟ ਜਾਂ ਫਿਰ ਪਲੇਟਫਾਰਮ ਟਿਕਟ ਹੋਵੇ, ਜਿਸ ਤੋਂ ਬਾਅਦ ਹੀ ਉਹ ਪਲੇਟਫਾਰਮ ’ਤੇ ਐਂਟਰੀ ਕਰ ਸਕਦਾ ਹੈ, ਕਿਉਂਕਿ ਕਾਨਕੋਰਸ ’ਤੇ ਪਲੇਟਫਾਰਮ ’ਤੇ ਜਾਣ ਵਾਲੇ ਰਸਤੇ ’ਤੇ ਬੂਮ ਬੈਰੀਅਰ ਲਾਇਆ ਜਾਵੇਗਾ। ਇਹ ਉਦੋਂ ਖੁੱਲ੍ਹੇਗਾ, ਜਦੋਂ ਟਿਕਟ ਸਕੈਨ ਹੋਵੇਗੀ। ਅਜਿਹੀ ਸਥਿਤੀ ’ਚ ਹੁਣ ਕੋਈ ਵੀ ਵਿਅਕਤੀ ਬਿਨਾਂ ਟਿਕਟ ਦੇ ਪਲੇਟਫਾਰਮ ’ਤੇ ਨਹੀਂ ਜਾ ਸਕਦਾ। ਇੰਨਾ ਹੀ ਨਹੀਂ, ਜਿਨ੍ਹਾਂ ਯਾਤਰੀਆਂ ਦੇ ਪਰਿਵਾਰਕ ਮੈਂਬਰ ਰੇਲਵੇ ਸਟੇਸ਼ਨ ਜਾਂਦੇ ਹਨ, ਉਨ੍ਹਾਂ ਨੂੰ ਪਲੇਟਫਾਰਮ ਟਿਕਟ ਲੈਣੀ ਜ਼ਰੂਰੀ ਹੋਵੇਗੀ, ਨਹੀਂ ਤਾਂ ਉਹ ਕਾਨਕੋਰਸ ਏਰੀਏ ਤੋਂ ਅੱਗੇ ਨਹੀਂ ਜਾ ਸਕਦੇ।
ਪਲੇਟਫਾਰਮ ਨੰ.1 ਤੇ 6 ’ਤੇ ਹੀ ਸਿੱਧੇ ਪਲੇਟਫਾਰਮ ਜਾਣ ਦੀ ਸਹੂਲਤ ਰਹੇਗੀ ਜਾਰੀ
ਚੰਡੀਗੜ੍ਹ ਤੋਂ ਪਲੇਟਫਾਰਮ ਨੰਬਰ-1 ਤੇ ਪੰਚਕੂਲਾ ਤੋਂ ਪਲੇਟਫਾਰਮ ਨੰਬਰ-6 ’ਤੇ ਜਾਣ ਵਾਲੇ ਯਾਤਰੀਆਂ ਨੂੰ ਕਾਨਕੋਰਸ ਜਾਣ ਦੀ ਲੋੜ ਨਹੀਂ ਹੋਵੇਗੀ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਪਲੇਟਫਾਰਮ ਤੱਕ ਪਹੁੰਚਣ ਲਈ ਬੂਮ ਬੈਰੀਅਰ ’ਚੋਂ ਲੰਘਣਾ ਪਵੇਗਾ। ਰੇਲਵੇ ਨੇ ਪਲੇਟਫਾਰਮ ਨੰਬਰ-1 ਤੇ 6 ਦੇ ਦੋਵੇਂ ਪਾਸੇ ਹੇਠਾ ਵੇਟਿੰਗ ਏਰੀਆ ਵੀ ਬਣਾਇਆ ਹੈ, ਤਾਂ ਜੋ ਯਾਤਰੀ ਉੱਥੇ ਬੈਠ ਕੇ ਰੇਲਗੱਡੀ ਦੀ ਉਡੀਕ ਕਰ ਸਕਣ।
ਰੇਲਵੇ ਨੇ ਹਾਦਸੇ ਰੋਕਣ ਲਈ ਲਿਆ ਫ਼ੈਸਲਾ
ਤਿਉਹਾਰਾਂ ਤੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਟਰੇਨਾਂ ’ਚ ਜ਼ਿਆਦਾ ਭੀੜ ਹੋ ਜਾਂਦੀ ਹੈ, ਇਸ ਨੂੰ ਧਿਆਨ ’ਚ ਰੱਖਦਿਆਂ ਯਾਤਰੀਆਂ ਨੂੰ ਪਲੇਟਫਾਰਮ ’ਤੇ ਜਾਣ ਦੀ ਰੋਕ ਲਾਈ ਗਈ ਹੈ। ਦਿੱਲੀ ਰੇਲਵੇ ਸਟੇਸ਼ਨ ’ਤੇ ਇਸ ਸਾਲ ਪਲੇਟਫਾਰਮ ’ਤੇ ਭੱਜਦੌੜ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ਸਨ। ਇਸ ਲਈ ਰੇਲਵੇ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ।


author

Babita

Content Editor

Related News