ਬਿਲਡਰਾਂ ਨੂੰ ਬੋਲੇ ਪੁਰੀ, ''ਨਾ ਵਿਕ ਸਕੇ ਘਰਾਂ ਨੂੰ ਜਲਦ ਵੇਚੋ, ਦਬਾ ਕੇ ਨਾ ਬੈਠੋ''

11/27/2020 11:30:20 PM

ਨਵੀਂ ਦਿੱਲੀ— ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਬਿਲਡਰਾਂ ਨੂੰ ਕਿਹਾ ਕਿ ਉਹ ਨਾ ਵਿਕ ਸਕੇ ਘਰਾਂ ਨੂੰ ਦਬਾ ਕੇ ਨਾ ਬੈਠਣ ਸਗੋਂ ਇਨ੍ਹਾਂ ਨੂੰ ਜਲਦੀ ਨਾਲ ਵੇਚਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ ਉਹ ਘਰਾਂ ਦੀ ਵਿਕਰੀ ਨੂੰ ਬੜ੍ਹਾਵਾ ਦੇਣ ਦੇ ਮੱਦੇਨਜ਼ਰ ਇਕ ਵਾਰ ਫਿਰ ਤੋਂ ਸੂਬਾ ਸਰਕਾਰਾਂ ਨੂੰ ਸਟੈਂਪ ਡਿਊਟੀ ਘੱਟ ਕਰਨ ਲਈ ਚਿੱਠੀ ਲਿਖਣਗੇ।

ਰਿਐਲਟੀ ਕੰਪਨੀਆਂ ਦੇ ਸੰਗਠਨ ਨਾਰੇਡਕੋ ਵੱਲੋਂ ਆਯੋਜਿਤ ਇਕ ਡਿਜੀਟਲ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਪੁਰੀ ਨੇ ਕਿਹਾ ਕਿ ਸਰਕਲ ਦਰਾਂ ਨੂੰ ਘੱਟ ਹੋਣਾ ਚੀਹੀਦਾ ਹੈ।

ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ, ਹੁਣ ਸਮਾਂ ਆ ਗਿਆ ਹੈ ਕਿ ਨਾ ਵਿਕ ਸਕੇ ਘਰਾਂ ਨੂੰ ਵੇਚਿਆ ਜਾਵੇ, ਇਨ੍ਹਾਂ ਨੂੰ ਦਬਾ ਕੇ ਨਾ ਬੈਠੋ।'' ਪੁਰੀ ਨੇ ਕਿਹਾ ਕਿ ਅਜਿਹਾ ਕਰਨ ਨਾਲ ਆਰਥਿਕ ਗਤੀਵਧੀਆਂ ਤੇਜ਼ੀ ਹੋਣਗੀਆਂ ਅਤੇ ਬਿਲਡਰਾਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲਾ ਨੇ ਹਾਲ ਹੀ 'ਚ ਇਨਕਮ ਟੈਕਸ ਨਿਯਮਾਂ ਨੂੰ ਆਸਾਨ ਕੀਤਾ ਹੈ। ਇਸ ਨਾਲ ਸਰਕਲ ਦਰਾਂ ਅਤੇ ਲੈਣ-ਦੇਣ ਦੀਆਂ ਦਰਾਂ ਦਾ ਫਰਕ ਵੱਧ ਕੇ 20 ਫ਼ੀਸਦੀ ਹੋ ਗਿਆ ਹੈ।

ਪੁਰੀ ਨੇ ਸਰਕਲ ਦਰਾਂ ਘੱਟ ਕੀਤੇ ਜਾਣ ਦੀ ਗੱਲ ਕਰਦੇ ਹੋਏ ਕਿਹਾ, ''ਇਹ 20 ਫ਼ੀਸਦੀ ਦਾ ਫਰਕ ਆਰਥਿਕ ਗਤੀਵਧੀਆਂ ਨੂੰ ਤੇਜ਼ ਕਰੇਗਾ। ਤੁਹਾਨੂੰ ਸਾਰਿਆਂ ਨੂੰ ਹੁਣ ਕਦਮ ਵਧਾਉਣਾ ਚਾਹੀਦਾ ਹੈ। ਨਾ ਵਿਕ ਸਕੇ ਘਰਾਂ ਤੋਂ ਮੁਕਤੀ ਪਾਓ।'' ਸਟੈਂਪ ਡਿਊਟੀ 'ਤੇ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਤੇ ਕਰਨਾਟਕ ਸਰਕਾਰ ਨੇ ਇਹ ਘਟਾ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਉਹ ਸਟੈਂਪ ਡਿਊਟੀ ਨੂੰ ਘੱਟ ਕਰਨ ਲਈ ਸੂਬਾ ਸਰਕਾਰਾਂ ਨੂੰ ਇਕ ਵਾਰ ਫਿਰ ਚਿੱਠੀ ਲਿਖਣਗੇ। ਉਨ੍ਹਾਂ ਵਾਤਾਵਰਣ ਮਨਜ਼ੂਰੀਆਂ 'ਚ ਦੇਰੀ ਦੀ ਚਿੰਤਾ ਬਾਰੇ ਬਿਲਡਰਾਂ ਨੂੰ ਕਿਹਾ ਕਿ ਉਹ ਸਮੱਸਿਆਵਾਂ ਸਾਂਝੀਆਂ ਕਰਨ, ਜੇਕਰ ਇਹ ਕੇਂਦਰ ਨਾਲ ਸਬੰਧਤ ਹੋਈਆਂ ਤਾਂ ਉਹ ਇਸ ਸਬੰਧ 'ਚ ਕੇਂਦਰੀ ਵਾਤਾਵਰਣ ਮੰਤਰੀ ਨੂੰ ਚਿੱਠੀ ਲਿਖਣਗੇ।


Sanjeev

Content Editor

Related News