ਬਠਿੰਡਾ 'ਚ ਥੋਕ ਦਵਾ ਪਾਰਕ ਲਾਉਣ ਲਈ ਬੋਲੀ ਲਾਏਗੀ ਪੰਜਾਬ ਸਰਕਾਰ

9/17/2020 10:30:17 PM

ਚੰਡੀਗੜ੍ਹ— ਪੰਜਾਬ ਸਰਕਾਰ ਕੇਂਦਰੀ ਯੋਜਨਾ ਤਹਿਤ ਬਠਿੰਡਾ 'ਚ ਥੋਕ ਦਵਾ ਪਾਰਕ ਸਥਾਪਤ ਕਰਨ ਲਈ ਬੋਲੀ ਲਗਾਏਗੀ। ਕੇਂਦਰ ਸਰਕਾਰ ਨੇ ਦੇਸ਼ 'ਚ ਅਜਿਹੇ 3 ਪਾਰਕਾਂ ਦੀ ਸਥਾਪਨਾ ਲਈ ਯੋਜਨਾ ਪੇਸ਼ ਕੀਤੀ ਹੈ। 

ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਦੀ ਬੈਠਕ 'ਚ ਇਸ ਪ੍ਰਸਤਾਵ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਹਮਣੇ ਪ੍ਰਸਤਾਵ ਪੇਸ਼ ਕਰਨ ਲਈ ਮੰਤਰੀ ਮੰਡਲ ਦੀ ਇਕ ਉਪ-ਕਮੇਟੀ ਗਠਿਤ ਕੀਤੀ ਜਾਵੇਗੀ, ਜੋ ਪ੍ਰਸਤਾਵ ਦੀ ਰੂਪ-ਰੇਖਾ ਤਿਆਰ ਕਰੇਗੀ। ਕੇਂਦਰ ਸਰਕਾਰ ਨੇ ਪਾਰਕ ਦੀ ਸਥਾਪਨਾ ਲਈ ਸੂਬਿਆਂ ਦੀ ਚੋਣ ਨੂੰ ਲੈ ਕੇ ਕਈ ਯੋਗਤਾਵਾਂ ਨਿਰਧਾਰਤ ਕੀਤੀਆਂ ਹਨ।

ਇਸ 'ਚ ਘੱਟ ਤੋਂ ਘੱਟ ਇਕ ਹਜ਼ਾਰ ਏਕੜ ਜ਼ਮੀਨ ਦੀ ਜ਼ਰੂਰਤ ਵੀ ਸ਼ਾਮਲ ਹੈ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਮੁਤਾਬਕ ਮੰਤਰੀ ਮੰਡਲੀ ਉਪ-ਕਮੇਟੀ 'ਚ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ, ਮਾਲੀਆ ਵਿਭਾਗ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਹੋਣਗੇ। ਉਪ-ਕਮੇਟੀ ਨੂੰ ਕੁਝ ਦਿਨਾਂ 'ਚ ਆਪਣੀ ਰਿਪੋਰਟ ਤਿਆਰ ਕਰਕੇ 27 ਸਤੰਬਰ ਨੂੰ ਆਖਰੀ ਤਰੀਕ ਤੋਂ ਪਹਿਲਾਂ ਕੇਂਦਰ ਨੂੰ ਪ੍ਰਸਤਾਵ ਭੇਜਣ ਲਈ ਕਿਹਾ ਗਿਆ ਹੈ। 

ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 1,878 ਕਰੋੜ ਰੁਪਏ ਹੈ। ਇਸ 'ਚ ਬੁਨਿਆਦੀ ਸੁਵਿਧਾਵਾਂ ਤਿਆਰ ਕਰਨ ਦੀ ਲਾਗਤ ਵੀ ਸ਼ਾਮਲ ਹੈ। ਇਸ 'ਚ ਇਕ ਹਜ਼ਾਰ ਕਰੋੜ ਦੀ ਫੰਡਿੰਗ ਕੇਂਦਰ ਸਰਕਾਰ ਕਰੇਗੀ, ਜਦਕਿ 878 ਕਰੋੜ ਰੁਪਏ ਦਾ ਖਰਚ ਸੂਬਾ ਸਰਕਾਰ ਕਰੇਗੀ। ਇਸ ਲਈ ਬਠਿੰਡਾ 'ਚ ਹੁਣ ਬੰਦ ਹੋ ਚੁੱਕੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਦੀ 1,764 ਏਕੜ ਜ਼ਮੀਨ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਨੂੰ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ 'ਚੋਂ 1320 ਏਕੜ ਜ਼ਮੀਨ ਦੀ ਪਛਾਣ ਦਵਾ ਪਾਰਕ ਸਥਾਪਤ ਕਰਨ ਲਈ ਕੀਤੀ ਗਈ ਹੈ।  


Sanjeev

Content Editor Sanjeev