ਹੁਣ ਪੰਜਾਬ ਸਣੇ 13 ਰਾਜਾਂ 'ਚ ਇਕ ਹੀ ਰਾਸ਼ਨ ਕਾਰਡ 'ਤੇ ਲੈ ਸਕੋਗੇ ਅਨਾਜ

02/13/2021 11:26:08 AM

ਨਵੀਂ ਦਿੱਲੀ- ਸਰਕਾਰੀ ਸਕੀਮ ਤਹਿਤ ਰਾਸ਼ਨ ਲੈਣ ਵਾਲੇ ਲੋਕਾਂ ਨੂੰ ਹੁਣ ਦੇਸ਼ ਵਿਚ ਕਿਤੇ ਵੀ ਜਾਣ 'ਤੇ ਅਨਾਜ ਲੈਣ ਵਿਚ ਦਿੱਕਤ ਨਹੀਂ ਹੋਵੇਗੀ। ਹੁਣ ਵੱਡੀ ਸੁਵਿਧਾ ਮਿਲ ਗਈ ਹੈ। 'ਇਕ ਦੇਸ਼ ਇਕ ਰਾਸ਼ਨ ਕਾਰਡ' ਪ੍ਰਣਾਲੀ ਵਿਚ ਪੰਜਾਬ ਸਣੇ 13 ਰਾਜਾਂ ਨੇ ਇਸ ਦਾ ਕੰਮ ਪੂਰਾ ਕਰ ਲਿਆ ਹੈ। ਇਸ ਪ੍ਰਣਾਲੀ ਨੂੰ ਪੂਰਾ ਕਰਨ ਵਾਲੇ ਹੋਰ ਸੂਬਿਆਂ ਵਿਚ ਹੁਣ ਤੱਕ ਆਂਧਰਾ ਪ੍ਰਦੇਸ਼, ਗੋਆ, ਗੁਜਰਾਤ, ਹਰਿਆਣਾ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਤਾਮਿਲਨਾਡੂ, ਤ੍ਰਿਪੁਰਾ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ।

ਇਸ ਦੇ ਲਾਗੂ ਹੋਣ ਨਾਲ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐੱਨ. ਐੱਫ. ਐੱਸ. ਏ.) ਅਤੇ ਹੋਰ ਭਲਾਈ ਸਕੀਮਾਂ ਅਧੀਨ ਲਾਭਪਾਤਰਾਂ, ਖ਼ਾਸ ਕਰਕੇ ਪ੍ਰਵਾਸੀ ਮਜ਼ਦੂਰਾਂ, ਦਿਹਾੜੀਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਭਰ ਵਿਚ ਕਿਸੇ ਵੀ ਜਗ੍ਹਾ ਸਸਤੇ ਵਿਚ ਮਿਲਦਾ ਸਰਕਾਰੀ ਰਾਸ਼ਨ ਖ਼ਰੀਦਣ ਦੀ ਸਹੂਲਤ ਯਕੀਨੀ ਕੀਤੀ ਗਈ ਹੈ।

ਕਿਸੇ ਵੀ ਤਰ੍ਹਾਂ ਦੀ ਧਾਂਦਲੀ ਰੋਕਣ ਲਈ ਸਾਰੇ ਰਾਸ਼ਨ ਕਾਰਡਾਂ ਦੀ ਆਧਾਰ ਨਾਲ ਸੀਡਿੰਗ ਕੀਤੀ ਜਾ ਰਹੀ ਹੈ। ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਕੰਮ ਪੂਰਾ ਕਰਨ ਵਾਲੇ ਸੂਬਿਆਂ ਨੂੰ ਕੇਂਦਰ ਵਾਧੂ ਉਧਾਰੀ ਦੀ ਸੁਵਿਧਾ ਦੇ ਰਿਹਾ ਹੈ। ਪੰਜਾਬ ਨੂੰ 1,515 ਕਰੋੜ ਰੁਪਏ ਦਾ ਵਾਧੂ ਉਧਾਰ ਲੈਣ ਦੀ ਇਜਾਜ਼ਤ ਮਿਲ ਗਈ ਹੈ। ਵਿੱਤ ਮੰਤਰਾਲਾ ਦੇ ਖ਼ਰਚਾ ਵਿਭਾਗ ਮੁਤਾਬਕ, 'ਇਕ ਦੇਸ਼ ਇਕ ਰਾਸ਼ਨ ਕਾਰਡ' ਪ੍ਰਣਾਲੀ ਦੇ ਸੁਧਾਰ ਨੂੰ ਪੂਰਾ ਕਰਨ 'ਤੇ 13 ਸੂਬਿਆਂ ਨੂੰ ਕੁੱਲ ਮਿਲਾ ਕੇ 34,956 ਕਰੋੜ ਰੁਪਏ ਦਾ ਵਾਧੂ ਉਧਾਰ ਲੈਣ ਦੀ ਆਗਿਆ ਦਿੱਤੀ ਗਈ ਹੈ।


Sanjeev

Content Editor

Related News