ਲਾਕਡਾਊਨ 'ਚ ਉਤਪਾਦਨ ਨੂੰ ਨੁਕਸਾਨ, 15-20 ਰੁ: ਮਹਿੰਗੀ ਹੋ ਸਕਦੀ ਹੈ ਚਾਹ
Sunday, Apr 19, 2020 - 10:12 AM (IST)
ਨਵੀਂ ਦਿੱਲੀ— ਲਾਕਡਾਊਨ ਖੁੱਲ੍ਹਣ 'ਤੇ ਜਲਦ ਹੀ ਚਾਹ ਦੀ ਚੁਸਕੀ ਵੀ ਮਹਿੰਗੀ ਹੋ ਸਕਦੀ ਹੈ। ਇਸ ਦਾ ਕਾਰਨ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਰਾਸ਼ਟਰ ਪੱਧਰੀ ਲਾਕਡਾਊਨ ਵਿਚਕਾਰ ਪਹਿਲੇ ਦੌਰ ਦੀਆਂ ਤਾਜ਼ਾ ਖਿੜੀਆਂ ਪੱਤੀਆਂ ਤੋੜਨ ਦਾ ਕੰਮ ਨਾ ਹੋਣ ਕਾਰਨ ਤੇ ਪਿਛਲੇ ਸਟਾਕ 'ਚ ਕਮੀ ਹੋਣ ਨਾਲ ਉੱਤਰ ਭਾਰਤੀ 'ਚ ਚਾਹ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਇਕ ਵਾਰ ਨਿਲਾਮੀ ਸ਼ੁਰੂ ਹੋਣ 'ਤੇ ਕੀਮਤਾਂ ਲਗਭਗ 15-20 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵੱਧ ਸਕਦੀਆਂ ਹਨ।
ਦੱਖਣੀ ਭਾਰਤ ਦੇ ਨਿਲਾਮੀ ਕੇਂਦਰ ਜੋ ਪਿਛਲੇ ਹਫਤੇ ਖੁੱਲ੍ਹੇ ਸਨ, ਉੱਥੇ ਚਾਹ ਦੀਆਂ ਕੀਮਤਾਂ 'ਚ ਲਗਭਗ 10-15 ਰੁਪਏ ਪ੍ਰਤੀ ਕਿਲੋ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਉੱਤਰੀ ਭਾਰਤ 'ਚ ਨਿਲਾਮੀ ਅਗਲੇ ਹਫਤੇ ਮੁੜ ਸ਼ੁਰੂ ਹੋਵੇਗੀ ਤੇ ਮੁੱਖ ਤੌਰ 'ਤੇ ਪਿਛਲੇ ਸੀਜ਼ਨ (ਨਵੰਬਰ-ਦਸੰਬਰ) ਦੀ ਚਾਹ ਦੀ ਬੋਲੀ ਹੋਵੇਗੀ, ਜਦੋਂ ਕਿ ਮਾਰਚ 'ਚ ਉਤਪਾਦਿਤ ਪਹਿਲੇ ਦੌਰ ਦੀਆਂ ਖਿੜੀਆਂ ਪੱਤੀਆਂ ਦੀ ਚਾਹ ਅਪ੍ਰੈਲ ਦੇ ਅਖੀਰ ਜਾਂ ਮਈ ਦੀ ਸ਼ੁਰੂਆਤ 'ਚ ਨਿਲਾਮ ਹੋਵੇਗੀ।
ਇੰਡੀਅਨ ਟੀ ਐਸੋਸੀਏਸ਼ਨ ਦੇ ਚੇਅਰਮੈਨ ਤੇ ਵਾਰਨ ਟੀ ਦੇ ਪ੍ਰਧਾਨ ਵਿਵੇਕ ਗੋਇਨਕਾ ਨੇ ਕਿਹਾ, ''ਕੀਮਤਾਂ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਪਰ ਸੰਭਾਵਨਾ ਹੈ ਕਿ ਕੀਮਤਾਂ 'ਚ ਵਾਧਾ ਹੋਵੇਗਾ। ਤੋੜਾਈ ਨਾ ਹੋਣ ਕਾਰਨ ਚਾਹ ਦਾ ਪਾਈਪਲਾਈਨ ਸਟਾਕ ਲਗਭਗ ਡ੍ਰਾਈ ਹੋ ਚੁੱਕਾ ਹੈ। ਹੁਣ ਉਤਪਾਦਨ 'ਚ ਇਸ ਗਿਰਾਵਟ ਕਾਰਨ ਸਾਨੂੰੂ ਕੀਮਤਾਂ 'ਚ ਤੇਜ਼ੀ ਆਉਣ ਦੀ ਉਮੀਦ ਹੈ।'' ਉਨ੍ਹਾਂ ਕਿਹਾ ਕਿ ਈਰਾਨ ਵਰਗੇ ਬਾਜ਼ਾਰਾਂ ਤੋਂ ਚੰਗੀ ਮੰਗ ਆ ਰਹੀ ਹੈ ਤੇ ਇਕ ਵਾਰ ਜਦੋਂ ਰਸਤਾ ਖੁੱਲ੍ਹ ਜਾਏਗਾ ਤਾਂ ਬਰਾਮਦ ਵਧਣੀ ਵੀ ਸ਼ੁਰੂ ਹੋ ਜਾਵੇਗੀ। ਉੱਥੇ ਹੀ, ਚਾਹ ਇੰਡਸਟਰੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਚਾਹ ਬਾਗਾਂ ਦੀ ਸਾਲਾਨਾ ਆਮਦਨ 'ਚ ਪਹਿਲੇ ਦੌਰ ਦੀਆਂ ਪੱਤੀਆਂ ਦਾ ਯੋਗਦਾਨ ਤਕਰੀਬਨ 40 ਫੀਸਦੀ ਰਹਿੰਦਾ ਹੈ ਕਿਉਂਕਿ ਇਹ ਉੱਚ ਗੁਣਵੱਤਾ ਦੀ ਚਾਹ ਹੁੰਦੀ ਹੈ, ਜੋ ਉੱਚੇ ਮੁੱਲ 'ਤੇ ਵਿਕਦੀ ਹੈ ਪਰ ਇਸ ਦਫਾ ਅਜਿਹੀਆਂ ਸਭ ਪੱਤੀਆਂ ਦੀ ਤੋੜਾਈ ਨਹੀਂ ਹੋ ਸਕੀ। ਇਸ ਵਿਚਕਾਰ ਹਾਲ ਹੀ 'ਚ ਭਾਰਤੀ ਟੀ ਬੋਰਡ ਨੇ ਕਿਹਾ ਸੀ ਕਿ ਚਾਲੂ ਸਾਲ 'ਚ ਚਾਹ ਦੇ ਉਤਪਾਦਨ 'ਚ 10 ਕਰੋੜ ਕਿਲੋਗ੍ਰਾਮ ਦੀ ਗਿਰਾਵਟ ਆ ਸਕਦੀ ਹੈ। ਬੋਰਡ ਮੁਤਾਬਕ, ਹਾਲਾਂਕਿ ਪੂਰਨਬੰਦੀ ਕਰਨਾ ਲਾਜ਼ਮੀ ਸੀ ਕਿਉਂਕਿ ਬਿਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਕੋਈ ਹੋਰ ਬਦਲ ਨਹੀਂ ਸੀ। 2019 'ਚ 138.9 ਕਰੋੜ ਕਿਲੋਗ੍ਰਾਮ ਚਾਹ ਦਾ ਉਤਪਾਦਨ ਹੋਇਆ ਸੀ, ਜੋ ਮੌਜੂਦਾ ਸਾਲ ਯਾਨੀ 2020 'ਚ ਘੱਟ ਕੇ 129 ਕਰੋੜ ਕਿਲੋਗ੍ਰਾਮ 'ਤੇ ਆ ਸਕਦਾ ਹੈ।