ਵੇਦਾਂਤਾ ਦੇ ਸਟਾਰਲਾਈਟ ਕਾਪਰ ਆਕਸੀਜਨ ਪਲਾਂਟ ''ਤੇ ਰੁਕਿਆ ਉਤਪਾਦਨ, ਦੱਸੀ ਇਹ ਵਜ੍ਹਾ

05/14/2021 4:10:28 PM

ਚੇਨਈ (ਭਾਸ਼ਾ) - ਵੇਦਾਂਤ ਲਿਮਟਿਡ ਦੀ ਮਲਕੀਅਤ ਵਾਲੇ ਸਟਰਲਾਈਟ ਤਾਂਬਾ ਪਲਾਂਟ ਵਿਚ ਤਕਨੀਕੀ ਨੁਕਸ ਆ ਜਾਣ ਕਾਰਨ ਇਸ ਵਿਚ ਉਤਪਾਦਨ ਕਾਰਜ ਰੁਕ ਗਿਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮੈਡੀਕਲ ਵਰਤੋਂ ਲਈ ਆਕਸੀਜਨ ਦਾ ਉਤਪਾਦਨ ਹਾਲ ਹੀ ਵਿਚ ਵੇਦਾਂਤ ਦੇ ਇਸ ਪਲਾਂਟ ਵਿਚ ਸ਼ੁਰੂ ਹੋਇਆ ਸੀ। ਇਸ ਵਿਚ ਪੈਦਾ ਕੀਤੀ ਗਈ ਮੈਡੀਕਲ ਆਕਸੀਜਨ ਦੀ ਪਹਿਲੀ ਖੇਪ ਲਾਭਪਾਤਰੀ ਨੂੰ ਵੀਰਵਾਰ ਨੂੰ ਭੇਜੀ ਗਈ ਸੀ। ਕੰਪਨੀ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ, 'ਸਾਡੇ 'ਟੁਟੀਕੋਰੀਨ ਸਥਿਤ ਆਕਸੀਜਨ ਪਲਾਂਟ ਦੇ ਕੋਲਡ ਬਾਕਸ ਵਿਚ ਤਕਨੀਕੀ ਖ਼ਰਾਬੀ ਆ ਗਈ ਹੈ ਜਿਸ ਕਾਰਨ ਆਰਜ਼ੀ ਤੌਰ 'ਤੇ ਉਤਪਾਦਨ ਰੁਕ ਗਿਆ ਹੈ।

ਕੰਪਨੀ ਨੇ ਕਿਹਾ ਕਿ ਇਹ ਪਲਾਂਟ ਤਿੰਨ ਸਾਲਾਂ ਤੋਂ ਬੰਦ ਪਿਆ ਸੀ, ਇਸ ਨੂੰ ਵੇਖਣ ਵਾਲਾ ਕੋਈ ਨਹੀਂ ਸੀ, ਇਸ ਲਈ ਸ਼ੁਰੂ ਵਿਚ ਉਤਪਾਦਨ ਦੇ ਕੰਮ ਵਿਚ ਅਜਿਹੀ ਤਕਨੀਕੀ ਗੜਬੜੀ ਹੋਣ ਦੀ ਸੰਭਾਵਨਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਤਕਨੀਕੀ ਮਾਹਰਾਂ ਦਾ ਇੱਕ ਸਮੂਹ ਪਹਿਲਾਂ ਹੀ ਪਲਾਂਟ ਵਾਲੀ ਥਾਂ 'ਤੇ ਮੌਜੂਦ ਹੈ। ਸਾਡੀ ਸਥਿਤੀ 'ਤੇ ਨਜ਼ਰ ਹੈ ਅਤੇ ਜਿੰਨੀ ਜਲਦੀ ਸੰਭਵ ਹੋ ਸਕੇਗਾ ਉਤਪਾਦਨ ਸ਼ੁਰੂ ਕਰਨ ਦੇ ਹੱਲ ਦੀ ਪ੍ਰਕਿਰਿਆ ਜਾਰੀ ਹੈ। ਕੰਪਨੀ ਨੇ ਕਿਹਾ ਹੈ, 'ਅਸੀਂ ਜਲਦੀ ਹੀ ਉਤਪਾਦਨ ਨੂੰ ਬਿਹਤਰ ਸਥਿਤੀ ਵਿਚ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ।'

ਵੇਦਾਂਤਾ ਦੀ ਮਾਲਕੀ ਵਾਲੀ ਸਟਾਰਲਾਈਟ ਕਾਪਰ ਕੰਪਨੀ ਨੂੰ ਸੂਬੇ ਦੀ ਏ.ਆਈ.ਏ.ਡੀ.ਐਮ.ਕੇ. ਸਰਕਾਰ ਨੇ 26 ਅਪ੍ਰੈਲ ਨੂੰ ਸਰਬ ਪਾਰਟੀ ਬੈਠਕ ਸੱਦਦਿਆਂ ਮੈਡੀਕਲ ਆਕਸੀਜਨ ਦਾ ਉਤਪਾਦਨ ਚਾਰ ਮਹੀਨਿਆਂ ਲਈ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਮਈ 2018 ਨੂੰ ਇਸ ਫੈਕਟਰੀ ਨੂੰ ਸੀਲ ਕਰ ਦਿੱਤਾ ਸੀ। ਵਾਤਾਵਰਣ ਦੀਆਂ ਚਿੰਤਾਵਾਂ ਨੂੰ ਲੈ ਕੇ ਫੈਕਟਰੀ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਫਾਇਰਿੰਗ ਵਿਚ 13 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਲਾਂਟ ਨੂੰ ਸੀਲ ਕਰ ਦਿੱਤਾ ਗਿਆ ਸੀ।


Harinder Kaur

Content Editor

Related News