ITR ਵਿਭਾਗ ਦੀ ਨਵੀਂ ਵੈੱਬਸਾਈਟ 'ਚ ਪੈਨ ਕਾਰਡ ਨੂੰ ਲੈ ਕੇ ਦਿੱਕਤ, ਲੋਕ ਪ੍ਰੇਸ਼ਾਨ
Tuesday, Jun 15, 2021 - 02:27 PM (IST)
ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਦੀ ਨਵੀਂ ਵੈੱਬਸਾਈਟ ਨੂੰ ਲੈ ਕੇ ਲੋਕ ਪਹਿਲਾਂ ਜਿੰਨੇ ਉਤਸ਼ਾਹਤ ਸਨ, ਹੁਣ ਓਨੇ ਹੀ ਪ੍ਰੇਸ਼ਾਨ ਹਨ। ਪਹਿਲਾਂ ਤਾਂ ਇਹ ਨਵੀਂ ਵੈੱਬਸਾਈਟ ਜਿਸ ਦਿਨ ਲਾਂਚ ਹੋਣੀ ਸੀ ਉਸ ਦਿਨ ਬੜੀ ਮੁਸ਼ਕਲ ਨਾਲ ਰਾਤ ਤੱਕ ਲਾਂਚ ਹੋ ਸਕੀ। ਲਾਂਚ ਹੋ ਗਈ ਤਾਂ ਲੋਕਾਂ ਨੂੰ ਤਮਾਮ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਕਾਰ ਸਭ ਤੋਂ ਵੱਡੀ ਦਿੱਕਤ ਪੈਨ ਕਾਰਡ ਨਾਲ ਜੁੜੀ ਆ ਰਹੀ ਹੈ। ਇਸ ਦੀ ਵਜ੍ਹਾ ਨਾਲ ਟੈਕਸਦਾਤਾਵਾਂ ਦੇ ਕਈ ਕੰਮ ਰੁਕ ਰਹੇ ਹਨ ਅਤੇ ਉਹ ਖੱਜਲ ਹੋ ਰਹੇ ਹਨ।
ਜਦੋਂ ਵੀ ਕੋਈ ਯੂਜ਼ਰ ਇਨਕਮ ਟੈਕਸ ਦੀ ਨਵੀਂ ਸਾਈਟ 'ਤੇ ਜਾ ਕੇ ਆਪਣੀ ਕਿਸੇ ਜਾਣਕਾਰੀ ਨੂੰ ਵੈਲਿਡ ਕਰ ਰਿਹਾ ਤਾਂ ਉਸ ਨੂੰ ਡਾਟਾ ਮਿਸਮੈਚ ਐਰਰ ਦਿਸ ਰਿਹਾ ਹੈ, ਜਦੋਂ ਕਿ ਸਭ ਕੁਝ ਬਿਲਕੁਲ ਸਹੀ ਭਰਿਆ ਜਾ ਰਿਹਾ ਹੈ।
ਉੱਥੇ ਹੀ, ਪੈਨ ਕਾਰਡ ਨਾਲ ਜੁੜੀ ਦੂਜੀ ਦਿੱਕਤ ਇਹ ਆ ਰਹੀ ਹੈ ਕਿ ਪੈਨ ਨੰਬਰ ਗਲਤ ਦੱਸ ਰਿਹਾ ਹੈ, ਜਦੋਂ ਕਿ ਪੁਰਾਣੀ ਵੈੱਬਸਾਈਟ 'ਤੇ ਸਭ ਕੁਝ ਠੀਕ ਚੱਲ ਰਿਹਾ ਸੀ। ਗੌਰਤਲਬ ਹੈ ਕਿ ਇਨਕਮ ਟੈਕਸ ਵਿਭਾਗ ਦੀ ਨਵੀਂ ਵੈੱਬਸਾਈਟ 7 ਜੂਨ ਨੂੰ ਲਾਂਚ ਕੀਤੀ ਗਈ ਹੈ। ਇਸ ਵਿਚ ਪਹਿਲਾਂ ਨਾਲੋਂ ਕਈ ਬਿਹਤਰ ਵਿਸ਼ੇਸ਼ਤਾਵਾਂ ਮਿਲਣ ਦੇ ਦਾਅਵੇ ਕੀਤੇ ਗਏ ਸਨ ਪਰ ਹੁਣ ਤੱਕ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ, ਹਾਲ ਹੀ ਵਿਚ ਇੰਫੋਸਿਸ ਨੇ ਕਿਹਾ ਸੀ ਕਿ ਉਹ ਜਲਦ ਹੀ ਵੈੱਬਸਾਈਟ ਵਿਚ ਤਕਨੀਕੀ ਦਿੱਕਤਾਂ ਦੂਰ ਕਰਨ ਦਾ ਕੰਮ ਕਰ ਰਹੇ ਹਨ। ਨਵੀਂ ਵੈੱਬਸਾਈਟ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਦਾ ਦਾਅਵਾ ਸੀ ਕਿ ਇਹ ਟੈਕਸਦਾਤਵਾਂ ਦੇ ਸਮਝਣ ਵਿਚ ਸੌਖੀ ਹੋਵੇਗੀ ਅਤੇ ਇਸ ਨਾਲ ਰਿਟਰਨ ਦਾਖਲ ਕਰਨਾ ਅਤੇ ਰਿਫੰਡ ਤੇਜ਼ੀ ਨਾਲ ਪ੍ਰਾਪਤ ਕਰਨਾ ਸੌਖਾ ਹੋ ਜਾਵੇਗਾ।