ਦਾਲਾਂ ਦੇ ਮੁੱਲ ਧੜੰਮ ਡਿੱਗੇ, 35 ਰੁਪਏ ਕਿਲੋ ਹੋਏ ਮਸਰ!

09/19/2018 2:27:16 PM

ਮੁੰਬਈ— ਦਾਲਾਂ ਦੀਆਂ ਕੀਮਤਾਂ 'ਚ ਲਗਾਤਾਰ ਨਰਮੀ ਬਣੀ ਹੋਈ ਹੈ। ਸਾਉਣੀ ਸੀਜ਼ਨ ਦੇ ਮੂੰਗ ਦੀ ਆਮਦ ਸ਼ੁਰੂ ਹੋਣ ਨਾਲ ਕੀਮਤਾਂ 'ਚ ਹੋਰ ਗਿਰਾਵਟ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮਹਾਰਾਸ਼ਟਰ ਸਰਕਾਰ ਦਾਲਾਂ ਦੀ ਖਰੀਦ ਅਗਲੇ ਮਹੀਨੇ ਕਰਨ ਜਾ ਰਹੀ ਹੈ। ਫਿਲਹਾਲ ਬਾਜ਼ਾਰ 'ਚ ਦਾਲਾਂ ਸਰਕਾਰ ਵੱਲੋਂ ਨਿਰਧਾਰਤ ਮੁੱਲ ਤੋਂ ਤਕਰੀਬਨ 35 ਫੀਸਦੀ ਘੱਟ 'ਤੇ ਵਿਕ ਰਹੀਆਂ ਹਨ। ਮਸਰ ਦਾ ਬਾਜ਼ਾਰ ਮੁੱਲ 34.80 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਮੂੰਗ ਵੀ 46 ਰੁਪਏ ਪ੍ਰਤੀ ਕਿਲੋ 'ਤੇ ਚਲੀ ਗਈ ਹੈ। ਇਸੇ ਤਰ੍ਹਾਂ ਅਰਹਰ, ਛੋਲੇ ਅਤੇ ਮਾਂਹ ਦੇ ਮੁੱਲ ਵੀ ਡਿੱਗ ਗਏ ਹਨ।

ਕਾਰੋਬਾਰੀ ਕੀਮਤਾਂ 'ਚ ਸੁਧਾਰ ਨਾ ਹੋਣ ਦੀ ਵਜ੍ਹਾ ਮੌਜੂਦਾ ਨੀਤੀ ਅਤੇ ਪਹਿਲੇ ਬਚੇ ਹੋਏ ਭੰਡਾਰ ਨੂੰ ਮੰਨ ਰਹੇ ਹਨ। ਸਰਕਾਰ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਮੂੰਗ ਅਤੇ ਮਾਂਹ ਖਰੀਦੇਗੀ। ਬਾਜ਼ਾਰ ਮੁੱਲ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਮੁੱਲ ਤੋਂ ਔਸਤ 33-34 ਫੀਸਦੀ ਘੱਟ ਹਨ, ਜਦੋਂ ਕਿ ਕਈ ਜਗ੍ਹਾ ਮੂੰਗ ਅਤੇ ਮਾਂਹ ਦੇ ਮੁੱਲ 40 ਫੀਸਦੀ ਤੋਂ ਵੀ ਘੱਟ ਹਨ। ਕੇਂਦਰ ਸਰਕਾਰ ਨੇ ਇਸ ਸਾਲ ਮੂੰਗ ਦਾ ਐੱਮ. ਐੱਸ. ਪੀ. 6,975 ਰੁਪਏ, ਮਾਂਹ ਦਾ 5,600 ਰੁਪਏ ਅਤੇ ਅਰਹਰ ਦਾ 5,675 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ। ਸਾਉਣੀ ਸੀਜ਼ਨ ਦੇ ਨਾਲ ਹਾੜ੍ਹੀ ਸੀਜ਼ਨ ਦੇ ਛੋਲੇ ਅਤੇ ਮਸਰ ਵੀ ਐੱਮ. ਐੱਸ. ਪੀ. ਤੋਂ ਹੇਠਾਂ ਚੱਲ ਰਹੇ ਹਨ।

ਦਾਲਾਂ ਐੱਮ. ਐੱਸ. ਪੀ. (ਰੁਪਏ ਪ੍ਰਤੀ ਕੁਇੰਟਲ) ਬਾਜ਼ਾਰ ਮੁੱਲ (ਰੁਪਏ ਪ੍ਰਤੀ ਕੁਇੰਟਲ)
ਮੂੰਗ 6,975 4,600
ਮਾਂਹ 5,600 3,725
ਅਰਹਰ 5,675 3,790
ਛੋਲੇ 4,400 3,800
ਮਸਰ 4,250 3,480

ਮੁੰਬਈ 'ਚ ਦਾਲਾਂ ਦੇ ਕਾਰੋਬਾਰੀ ਕਹਿੰਦੇ ਹਨ ਕਿ ਕੀਮਤਾਂ 'ਚ ਗਿਰਾਵਟ ਦੀ ਵਜ੍ਹਾ ਪੈਦਾਵਾਰ ਚੰਗੀ ਹੋਣਾ ਅਤੇ ਪਹਿਲਾਂ ਤੋਂ ਜਮ੍ਹਾ ਸਟਾਕ ਹੈ। ਉੱਥੇ ਹੀ ਕੁਝ ਦਾ ਕਹਿਣਾ ਹੈ ਕਿ ਸਰਕਾਰ ਕਈ ਰਾਜਾਂ 'ਚ ਸਸਤੇ 'ਚ ਦਾਲ ਵੇਚਦੀ ਹੈ, ਜਿਸ ਕਾਰਨ ਕੀਮਤਾਂ 'ਚ ਗਿਰਾਵਟ ਆਈ ਹੈ। ਸਰਕਾਰੀ ਕੰਪਨੀ ਨੈਫੇਡ ਕਈ ਰਾਜਾਂ 'ਚ ਐੱਮ. ਐੱਸ. ਪੀ. ਤੋਂ ਅੱਧੇ ਮੁੱਲ 'ਤੇ ਦਾਲਾਂ ਵੇਚ ਰਹੀ ਹੈ। ਹਾਲਾਂਕਿ ਕਾਰੋਬਾਰੀ ਮੰਨਦੇ ਹਨ ਕਿ ਅਗਲੇ ਮਹੀਨੇ ਮਹਾਰਾਸ਼ਟਰ ਸਰਕਾਰ ਵੱਲੋਂ ਖਰੀਦ ਸ਼ੁਰੂ ਕਰਨ 'ਤੇ ਕੀਮਤਾਂ 'ਚ ਸੁਧਾਰ ਹੋਵੇਗਾ।


Related News