ਇਨਫੋਸਿਸ ਦੇ ਸੀ. ਈ. ਓ. ਬਣ ਸਕਦੇ ਹਨ ਪ੍ਰਵੀਨ ਰਾਓ
Sunday, Sep 03, 2017 - 07:49 AM (IST)
ਨਵੀਂ ਦਿੱਲੀ— ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਉਪਲੱਬਧ ਕਰਵਾਉਣ ਵਾਲੀ ਇਨਫੋਸਿਸ ਨੇ ਯੂ. ਬੀ. ਪ੍ਰਵੀਣ ਰਾਓ ਨੂੰ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਦੇ ਰੂਪ 'ਚ ਨਿਯੁਕਤ ਕਰਨ ਦੇ ਪ੍ਰਸਤਾਵ 'ਤੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੰਗੀ ਹੈ। ਰਾਓ ਮੂਲ ਰੂਪ ਨਾਲ ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ ਹਨ। ਇਨਫੋਸਿਸ ਨੇ ਆਪਣੇ ਸ਼ੇਅਰਧਾਰਕਾਂ ਨੂੰ ਭੇਜੇ ਡਾਕ ਵੋਟ ਪੱਤਰ 'ਚ ਕਿਹਾ, ''ਰਾਓ ਕੰਪਨੀ ਦੇ ਅੰਤ੍ਰਿਮ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ 'ਤੇ ਵੱਧ ਤੋਂ ਵੱਧ 5 ਸਾਲ ਤੱਕ ਜਾਂ ਫਿਰ ਉਦੋਂ ਤੱਕ ਰਹਿਣਗੇ, ਜਦੋਂ ਤੱਕ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਦੀ ਨਿਯੁਕਤੀ ਨਹੀਂ ਹੁੰਦੀ ਹੈ।''
ਰਾਓ ਨੂੰ ਮਿਲੇਗੀ ਇੰਨੀ ਸੈਲਰੀ
ਬੇਂਗਲੂਰ ਸਥਿਤ ਇਸ ਕੰਪਨੀ ਨੇ ਇਸ ਅਹੁਦੇ ਨੂੰ ਭਰਨ ਲਈ ਮਾਰਚ, 2018 ਦੀ ਸਮਾਂ ਹੱਦ ਤੈਅ ਕੀਤੀ ਹੈ। ਇਨਫੋਸਿਸ ਨੇ ਕਿਹਾ ਕਿ ਰਾਓ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਅਤੇ ਅੰਤ੍ਰਿਮ ਸੀ. ਈ. ਓ. ਦੇ ਨਾਲ-ਨਾਲ ਪ੍ਰਬੰਧ ਨਿਰਦੇਸ਼ਕ ਦਾ ਕੰਮ ਸੰਭਾਲਦੇ ਰਹਿਣਗੇ। ਹਾਲਾਂਕਿ ਪ੍ਰਬੰਧ ਨਿਰਦੇਸ਼ਕ ਦੇ ਰੂਪ 'ਚ ਉਹ ਵੱਖਰੀ ਤਨਖਾਹ ਨਹੀਂ ਲੈਣਗੇ। ਕੰਪਨੀ ਦੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੁਤਾਬਕ ਰਾਓ ਨੂੰ ਇਸ ਸਾਲ 12.5 ਕਰੋੜ ਰੁਪਏ ਮਿਲਣਗੇ, ਜਿਸ 'ਚ ਮਿਹਨਤਾਨੇ ਦੇ ਰੂਪ 'ਚ 4.63 ਕਰੋੜ ਰੁਪਏ ਤੈਅ ਤਨਖਾਹ, 3.87 ਕਰੋੜ ਰੁਪਏ ਵਾਧੂ ਪ੍ਰਾਪਤੀ ਅਤੇ ਪ੍ਰਦਰਸ਼ਨ ਆਧਾਰਿਤ ਸਟਾਕ ਆਪਸ਼ਨ ਦੇ ਰੂਪ 'ਚ 4 ਕਰੋੜ ਰੁਪਏ ਦਿੱਤੇ ਜਾਣਗੇ। ਵਿੱਤੀ ਸਾਲ 2016-17 'ਚ ਮਿਹਨਤਾਨੇ ਦੇ ਰੂਪ 'ਚ ਉਨ੍ਹਾਂ ਨੂੰ 7.8 ਕਰੋੜ ਰੁਪਏ ਪ੍ਰਾਪਤ ਹੋਏ।
