ਪਾਵਰਕਾਮ ਨੇ ਨਹੀਂ ਬਦਲਿਆ ਮੀਟਰ, ਹੁਣ ਦੇਵੇਗਾ 20,000 ਰੁਪਏ ਮੁਆਵਜ਼ਾ
Thursday, Dec 21, 2017 - 11:06 PM (IST)
ਕਪੂਰਥਲਾ (ਮਲਹੋਤਰਾ)-ਜ਼ਿਲਾ ਖਪਤਕਾਰ ਫੋਰਮ 'ਚ ਚੱਲ ਰਹੇ ਇਕ ਮਾਮਲੇ 'ਚ ਫੋਰਮ ਪ੍ਰਧਾਨ ਵੱਲੋਂ ਅੱਜ ਆਪਣਾ ਫੈਸਲਾ ਸੁਣਾਉਂਦੇ ਹੋਏ ਪਾਵਰਕਾਮ ਕਪੂਰਥਲਾ ਨੂੰ 20,000 ਰੁਪਏ ਮੁਆਵਜ਼ੇ ਦੇ ਰੂਪ 'ਚ ਖਪਤਕਾਰ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਇਕ ਮਹੀਨੇ ਦੇ ਅੰਦਰ ਮੁਆਵਜ਼ਾ ਨਾ ਦੇਣ 'ਤੇ ਪਾਵਰਕਾਮ ਨੂੰ ਵਿਆਜ ਸਮੇਤ ਰਾਸ਼ੀ ਅਦਾ ਕਰਨੀ ਹੋਵੇਗੀ।
ਕੀ ਹੈ ਮਾਮਲਾ
ਖਪਤਕਾਰ ਸੁਰਿੰਦਰ ਕੁਮਾਰ ਸ਼ਰਮਾ ਪੁੱਤਰ ਸਵ. ਵੇਦ ਪ੍ਰਕਾਸ਼ ਸ਼ਰਮਾ ਨਿਵਾਸੀ ਸੁਖਜੀਤ ਨਗਰ ਕਪੂਰਥਲਾ ਨੇ ਦੱਸਿਆ ਕਿ ਉਸਦਾ ਬਿਜਲੀ ਦਾ ਮੀਟਰ ਦਸੰਬਰ 2016 ਨੂੰ ਬੰਦ ਹੋ ਗਿਆ ਸੀ, ਜਿਸ ਦੀ ਜਾਣਕਾਰੀ ਉਸ ਨੂੰ ਬਿਜਲੀ ਦਾ ਬਿੱਲ ਆਉਣ ਤੋਂ ਬਾਅਦ ਮਿਲੀ। ਇਸ ਦੀ ਸੂਚਨਾ ਉਸ ਨੇ ਪਾਵਰਕਾਮ ਨੂੰ ਇਕ ਲਿਖਤੀ ਪੱਤਰ ਰਾਹੀਂ ਦੇ ਦਿੱਤੀ ਸੀ ਤੇ ਵਿਭਾਗ ਕੋਲੋਂ ਜਲਦੀ ਮੀਟਰ ਬਦਲਣ ਦੀ ਮੰਗ ਕੀਤੀ ਸੀ। ਚਾਰ ਮਹੀਨੇ ਬੀਤਣ ਤੋਂ ਬਾਅਦ ਵੀ ਪਾਵਰਕਾਮ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਉਪਰੰਤ ਕਈ ਵਾਰ ਪਾਵਰਕਾਮ ਨੂੰ ਅਰਜ਼ੀ ਦੇ ਕੇ ਮੀਟਰ ਬਦਲਣ ਦੀ ਗੱਲ ਕਹੀ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਪ੍ਰੇਸ਼ਾਨ ਹੋ ਕੇ ਉਸ ਨੇ ਜ਼ਿਲਾ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਖਪਤਕਾਰ ਫੋਰਮ ਨੇ
ਮਾਮਲੇ ਦੀ ਸੁਣਵਾਈ ਤੋਂ ਬਾਅਦ ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਮਾਣਯੋਗ ਕਰਨੈਲ ਸਿੰਘ, ਮੈਂਬਰ ਰਜਿਤਾ ਸਰੀਨ ਨੇ ਪਾਵਰਕਾਮ ਦੀ ਸੇਵਾ 'ਚ ਕਮੀ ਤੇ ਅਸੁਵਿਧਾ ਵਿਹਾਰ ਦਾ ਦੋਸ਼ੀ ਮੰਨਦਿਆਂ ਖਪਤਕਾਰ ਨੂੰ ਅਸੁਵਿਧਾ ਤੇ ਮਾਨਸਿਕ ਪ੍ਰੇਸ਼ਾਨੀ ਦੇ ਤੌਰ 'ਤੇ ਮੁਆਵਜ਼ੇ ਲਈ 20,000 ਰੁਪਏ ਅਦਾ ਕਰਨ ਦੇ ਹੁਕਮ ਦਿੱਤੇ। ਜੇਕਰ ਪਾਵਰਕਾਮ ਵੱਲੋਂ ਇਹ ਰਾਸ਼ੀ 30 ਦਿਨ ਦੇ ਅੰਦਰ ਨਾ ਅਦਾ ਕੀਤੀ ਗਈ ਤਾਂ ਉਹ ਖਪਤਕਾਰ ਨੂੰ 9 ਫੀਸਦੀ ਵਿਆਜ ਵੀ ਅਦਾ ਕਰੇਗਾ।
