ਜੂਨ 'ਚ ਸਿਰਫ਼ 10 ਦਿਨਾਂ ਲਈ ਪਲਾਂਟਾਂ 'ਚ ਕੰਮਕਾਰ ਹੋਣ ਦੀ ਉਮੀਦ : ਲੇਲੈਂਡ
Tuesday, Jun 01, 2021 - 12:29 PM (IST)
ਨਵੀਂ ਦਿੱਲੀ- ਵਪਾਰਕ ਵਾਹਨ ਬਣਾਉਣ ਵਾਲੀ ਕੰਪਨੀ ਅਸ਼ੋਕ ਲੇਲੈਂਡ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਵਿਚ ਘੱਟ ਮੰਗ ਅਤੇ ਉਸ ਦੇ ਪਲਾਂਟਾਂ ਵਾਲੇ ਸੂਬਿਆਂ ਵਿਚ ਤਾਲਾਬੰਦੀ ਦੇ ਮੱਦੇਨਜ਼ਰ ਜੂਨ ਵਿਚ ਸਿਰਫ਼ 10 ਦਿਨ ਹੀ ਕਾਰਖ਼ਾਨੇ ਚੱਲ ਸਕਣਗੇ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ, ''ਸਾਡੇ ਪਲਾਂਟ ਜਿਨਾਂ ਸੂਬਿਆਂ ਵਿਚ ਹਨ ਉੱਥੇ ਤਾਲਾਬੰਦੀ ਕਾਰਨ ਕੰਮਕਾਰ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕੇ ਹਨ। ਸਾਨੂੰ ਸਬੰਧਤ ਸੂਬਾ ਸਰਕਾਰਾਂ ਵੱਲੋਂ ਪੜਾਅਵਾਰ ਤਰੀਕੇ ਨਾਲ ਪਾਬੰਦੀਆਂ ਹਟਾਉਣ ਦੀ ਉਮੀਦ ਹੈ। ਇਸ ਲਈ ਜੂਨ 2021 ਵਿਚ ਵੀ ਸਾਡਾ ਕੰਮਾਕਾਰ ਪ੍ਰਭਾਵਿਤ ਰਹੇਗਾ।''
ਕੰਪਨੀ ਨੇ ਕਿਹਾ ਕਿ ਤਾਲਾਬੰਦੀ ਦੇ ਮੱਦੇਨਜ਼ਰ ਇਸ ਸਮੇਂ ਮੰਗ ਵੀ ਕਾਫ਼ੀ ਘੱਟ ਹੈ। ਅਸ਼ੋਕ ਲੇਲੈਂਡ ਨੇ ਕਿਹਾ, ''ਉਕਤ ਕਾਰਨਾਂ ਦੇ ਮੱਦੇਨਜ਼ਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪਲਾਂਟ ਜੂਨ 2021 ਵਿਚ ਸਿਰਫ਼ 5-10 ਦਿਨਾਂ ਲਈ ਚਾਲੂ ਹੋਣਗੇ।'' ਗੌਰਤਲਬ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਕਾਰਨ ਵੱਖ-ਵੱਖ ਸੂਬਿਆਂ ਵਿਚ ਇਸ ਦੀ ਰੋਕਥਾਮ ਲਈ ਵੱਖ-ਵੱਖ ਕਦਮ ਚੁੱਕੇ ਗਏ ਹਨ, ਜਿਨ੍ਹਾਂ ਦੇ ਸਦਕਾ ਕੋਰੋਨਾ ਮਾਮਲੇ ਪਹਿਲਾਂ ਨਾਲੋਂ ਕਾਫ਼ੀ ਘੱਟ ਹੋਏ ਹਨ ਪਰ ਇਸ ਵਾਰ ਦੇ ਸੰਕਰਮਣ ਦੇ ਤੇਜ਼ੀ ਨਾਲ ਫ਼ੈਲਣ ਦੇ ਡਰੋਂ ਸੂਬੇ ਫਿਲਹਾਲ ਜ਼ਿਆਦਾ ਢਿੱਲ ਨਹੀਂ ਦੇ ਰਹੇ ਹਨ। ਲਿਹਾਜਾ ਆਟੋ ਕੰਪਨੀਆਂ ਨੂੰ ਘੱਟ ਸਮਰੱਥਾ ਨਾਲ ਕੰਮ ਕਰਨਾ ਪੈ ਰਿਹਾ ਹੈ।