ਕੋਵਿਡ ਮਹਾਮਾਰੀ 'ਚ ਹੋਰ ਸੰਕਟ, ਫਾਰਮਾ ਲਈ ਕੱਚੇ ਮਾਲ ਨੂੰ ਲੈ ਕੇ ਬੁਰੀ ਖ਼ਬਰ!

05/04/2021 3:17:12 PM

ਚੰਡੀਗੜ੍ਹ, (ਆਈ. ਏ. ਐੱਨ. ਐੱਸ.)- ਗਲੋਬਲ ਮਹਾਮਾਰੀ ਵਿਚਕਾਰ ਫਾਰਮਾ ਸੈਕਟਰ ਨੂੰ ਕੱਚੇ ਮਾਲ ਦੀ ਘਾਟ ਅਤੇ ਕੀਮਤਾਂ ਵਿਚ ਉਛਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਵਣਜ ਤੇ ਉਦਯੋਗ ਸੰਗਠਨ ਐਸੋਚੈਮ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਵਿਚੋਂ ਲਗਭਗ 85 ਫ਼ੀਸਦੀ ਕੱਚਾ ਮਾਲ ਚੀਨ ਤੋਂ ਆਉਂਦਾ ਹੈ। ਸੰਗਠਨ ਨੇ ਦਰਾਮਦ ਵਿਚ ਰੁਕਾਵਟ ਨੂੰ ਦੂਰ ਕਰਨ ਲਈ ਸਰਕਾਰ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ। ਰਿਪੋਰਟ ਮੁਤਾਬਕ, ਪੈਰਾਸੀਟਾਮੋਲ ਵਰਗੀਆਂ ਦਵਾਈਆਂ ਦੇ ਕੱਚੇ ਮਾਲ ਦੀ ਕੀਮਤ ਕਈ ਗੁਣਾ ਵੱਧ ਗਈ ਹੈ।

ਸੰਗਠਨ ਦੇ ਉਤਰੀ ਕਮਾਨ ਦੇ ਚੇਅਰਮੈਨ ਏ. ਐੱਸ. ਮਿੱਤਲ ਨੇ ਇਕ ਬਿਆਨ ਵਿਚ ਕਿਹਾ, “ਇਸ ਚੁਣੌਤੀਪੂਰਨ ਸਮੇਂ ਦੌਰਾਨ ਅਜਿਹੇ ਚੀਜ਼ ਸਵੀਕਾਰ ਨਹੀਂ ਕੀਤੀ ਜਾ ਸਕਦੀ ਜਦੋਂ ਸਾਰਾ ਦੇਸ਼ ਮਹਾਮਾਰੀ ਵਿਰੁੱਧ ਲੜ ਰਿਹਾ ਹੈ। ਅਸੀਂ ਅਧਿਕਾਰੀਆਂ ਤੋਂ ਤੁਰੰਤ ਇਸ ਵਿਚ ਦਖ਼ਲ ਦੀ ਮੰਗ ਕਰਦੇ ਹਾਂ ਕਿ ਇਸ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇ।”

ਜਿਨ੍ਹਾਂ ਦਵਾਈਆਂ ਲਈ ਕੱਚੇ ਮਾਲ ਦੀ ਕੀਮਤ ਕਈ ਗੁਣਾ ਵਧੀ ਹੈ ਉਨ੍ਹਾਂ ਵਿਚ ਪੈਰਾਸੀਟਾਮੋਲ (350 ਰੁਪਏ ਤੋਂ 790 ਰੁਪਏ ਪ੍ਰਤੀ ਕਿਲੋਗ੍ਰਾਮ), ਪ੍ਰੋਪਲੀਨ ਗਲਾਈਕੋਲ (140 ਤੋਂ 400 ਰੁਪਏ ਪ੍ਰਤੀ ਕਿਲੋਗ੍ਰਾਮ), ਆਈਵਰਮੇਕਟਿਨ (18,000 ਤੋਂ 52,000 ਰੁਪਏ ਪ੍ਰਤੀ ਕਿਲੋਗ੍ਰਾਮ), ਡੌਕਸੀਕਲਾਈਨ (6,000 ਰੁਪਏ ਤੋਂ 12,000 ਰੁਪਏ ਪ੍ਰਤੀ ਕਿਲੋਗ੍ਰਾਮ) ਅਤੇ ਐਜੀਥ੍ਰੋਮਾਈਸਿਨ (8,000 ਰੁਪਏ ਤੋਂ 12,000 ਰੁਪਏ ਪ੍ਰਤੀ ਕਿਲੋਗ੍ਰਾਮ) ਸ਼ਾਮਲ ਹਨ। ਹਿਮਾਚਲ ਪ੍ਰਦੇਸ਼ ਸਟੇਟ ਡਿਵੈੱਲਪਮੈਂਟ ਕੌਂਸਲ ਦੇ ਐਸੋਚੈਮ ਚੇਅਰਮੈਨ ਜਿਤੇਂਦਰ ਸੋਨੀ ਨੇ ਕਿਹਾ, "ਕੋਵਿਡ-19 ਦੀ ਦੂਜੀ ਲਹਿਰ ਦੇ ਆਰਥਿਕ ਪ੍ਰਭਾਵ ਨੇ ਫਾਰਮਾ ਸੈਕਟਰ 'ਤੇ ਵੀ ਮਾੜਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ।"


Sanjeev

Content Editor

Related News