‘ਮਹਿੰਗੇ ਪੈਟਰੋਲ-ਡੀਜ਼ਲ ਨੇ ਭਰੀ ਸਰਕਾਰ ਦੀ ਜੇਬ, 1 ਸਾਲ ’ਚ ਰਿਕਾਰਡ 3.35 ਲੱਖ ਕਰੋੜ ਰੁਪਏ ਕਮਾਏ’

Tuesday, Jul 20, 2021 - 03:00 PM (IST)

‘ਮਹਿੰਗੇ ਪੈਟਰੋਲ-ਡੀਜ਼ਲ ਨੇ ਭਰੀ ਸਰਕਾਰ ਦੀ ਜੇਬ, 1 ਸਾਲ ’ਚ ਰਿਕਾਰਡ 3.35 ਲੱਖ ਕਰੋੜ ਰੁਪਏ ਕਮਾਏ’

ਨਵੀਂ ਦਿੱਲੀ (ਇੰਟ.) – ਮਹਿੰਗੇ ਪੈਟਰੋਲ-ਡੀਜ਼ਲ ਦੀ ਮਾਰ ਤੋਂ ਇਕ ਪਾਸੇ ਜਿੱਥੇ ਆਮ ਆਦਮੀ ਬੇਹਾਲ ਹੈ, ਉੱਥੇ ਹੀ ਦੂਜੇ ਪਾਸੇ ਇਸ ਨਾਲ ਸਰਕਾਰ ਦੀ ਜੇਬ ਭਰ ਰਹੀ ਹੈ। ਸਰਕਾਰ ਨੇ ਲੋਕ ਸਭਾ ’ਚ ਕਿਹਾ ਕਿ 31 ਮਾਰਚ 2021 ਨੂੰ ਸਮਾਪਤ ਹੋਏ ਪਿਛਲੇ ਵਿੱਤੀ ਸਾਲ ’ਚ ਪੈਟਰੋਲ-ਡੀਜ਼ਲ ਦੀ ਐਕਸਾਈਜ਼ ਡਿਊਟੀ ਤੋਂ 3.35 ਲੱਖ ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਹ ਹੁਣ ਤੱਕ ਦਾ ਰਿਕਾਰਡ ਹੈ।

ਪੈਟਰੋਲੀਅਮ ਐਂਡ ਨੈਚੁਰਲ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਨੂੰ ਵਧਾ ਦਿੱਤਾ ਸੀ। ਪੈਟਰੋਲ ’ਤੇ ਐਕਸਾਈਜ਼ ਡਿਊਟੀ ਨੂੰ 19.98 ਰੁਪਏ ਪ੍ਰਤੀ ਲਿਟਰ ਤੋਂ ਵਧਾ ਕੇ 32.90 ਰੁਪਏ ਪ੍ਰਤੀ ਲਿਟਰ ਕੀਤਾ ਗਿਆ ਸੀ ਜਦ ਕਿ ਡੀਜ਼ਲ ’ਤੇ ਐਕਸਾਈਜ਼ ਡਿਊਟੀ ’ਚ 15.83 ਰੁਪਏ ਪ੍ਰਤੀ ਲਿਟਰ ਤੋਂ ਵਧਾ ਕੇ 31.8 ਰੁਪਏ ਪ੍ਰਤੀ ਲਿਟਰ ਕੀਤਾ ਗਿਆ ਸੀ। ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਸੀ ਜਦੋਂ ਕੋਰੋਨਾ ਮਹਾਮਾਰੀ ਕਾਰਨ ਕੌਮਾਂਤਰੀ ਬਾਜ਼ਾਰ ’ਚ ਤੇਲ ਦੀਆਂ ਕੀਮਤਾਂ ’ਚ ਕਾਫੀ ਗਿਰਾਵਟ ਆਈ ਸੀ।

ਇਹ ਵੀ ਪੜ੍ਹੋ: ਜਲਦ ਘਟਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਓਪੇਕ-ਸਹਿਯੋਗੀਆਂ ਦਰਮਿਆਨ ਹੋਇਆ ਇਹ ਸਮਝੌਤਾ

2019-20 ਦੇ ਮੁਕਾਬਲੇ ਕਰੀਬ ਦੁੱਗਣੀ ਕਲੈਕਸ਼ਨ

ਰਾਜ ਮੰਤਰੀ ਨੇ ਕਿਹਾ ਕਿ ਇਸ ਵਾਧੇ ਕਾਰਨ ਅਪ੍ਰੈਲ 2020 ਤੋਂ ਮਾਰਚ 2021 ਦੌਰਾਨ ਪੈਟਰੋਲ-ਡੀਜ਼ਲ ਤੋਂ ਐਕਸਾਈਜ਼ ਡਿਊਟੀ ਕਲੈਕਸ਼ਨ 3.35 ਲੱਖ ਕਰੋੜ ਰੁਪਏ ਰਹੀ। ਇਹ ਵਿੱਤੀ ਸਾਲ 2019-20 ਦੇ ਮੁਕਾਬਲੇ ਲਗਭਗ ਦੁੱਗਣੀ ਕਲੈਕਸ਼ਨ ਹੈ। 2019-20 ’ਚ ਪੈਟਰੋਲ-ਡੀਜ਼ਲ ਤੋਂ ਐਕਸਾਈਜ਼ ਕਲੈਕਸ਼ਨ 1.78 ਲੱਖ ਕਰੋੜ ਰੁਪਏ ਰਹੀ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇ ਲਾਕਡਾਊਨ ਕਾਰਨ ਤੇਲ ਦੀ ਵਿਕਰੀ ’ਚ ਕਮੀ ਨਾ ਹੁੰਦੀ ਤਾਂ ਇਹ ਕਲੈਕਸ਼ਨ ਹੋਰ ਜ਼ਿਆਦਾ ਹੋ ਸਕਦੀ ਹੈ। ਲਾਕਡਾਊਨ ਕਾਰਨ ਪੂਰੇ ਦੇਸ਼ ’ਚ ਆਰਥਿਕ ਗਤੀਵਿਧੀਆਂ ਅਤੇ ਟ੍ਰਾਂਸਪੋਰਟ ’ਚ ਕਮੀ ਦਰਜ ਕੀਤੀ ਗਈ ਸੀ। ਵਿੱਤੀ ਸਾਲ 2018-19 ’ਚ ਪੈਟਰੋਲ-ਡੀਜ਼ਲ ’ਤੇ ਐਕਸਾਈਜ਼ ਕਲੈਕਸ਼ਨ 2.13 ਲੱਖ ਕਰੋੜ ਰੁਪਏ ਰਹੀ ਸੀ।

ਇਹ ਵੀ ਪੜ੍ਹੋ: ਜੇਬ 'ਚ ਨਹੀਂ ਹਨ ਪੈਸੇ ਤਾਂ ਚਿੰਤਾ ਕਰਨ ਦੀ ਲੋੜ ਨਹੀਂ , FasTag ਜ਼ਰੀਏ ਵੀ ਭਰਵਾ ਸਕਦੇ ਹੋ ਪੈਟਰੋਲ-ਡੀਜ਼ਲ

ਬੀਤੇ 3 ਮਹੀਨਿਆਂ ’ਚ 94,181 ਕਰੋੜ ਰੁਪਏ ਦੀ ਕਲੈਕਸ਼ਨ

ਇਕ ਹੋਰ ਸਵਾਲ ਦੇ ਜਵਾਬ ’ਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਯਾਨੀ ਅਪ੍ਰੈਲ ਤੋਂ ਜੂਨ 2021 ਦੌਰਾਨ ਐਕਸਾਈਜ਼ ਕਲੈਕਸ਼ਨ 94,181 ਕਰੋੜ ਰੁਪਏ ਰਹੀ ਹੈ। ਹਾਲਾਂਕਿ ਇਸ ’ਚ ਪੈਟਰੋਲ-ਡੀਜ਼ਲ ਤੋਂ ਇਲਾਵਾ ਏ. ਟੀ. ਐੱਫ., ਨੈਚੁਰਲ ਗੈਸ ਅਤੇ ਕਰੂਡ ਆਇਲ ’ਤੇ ਲਗਾਇਆ ਜਾਣ ਵਾਲਾ ਐਕਸਾਈਜ਼ ਵੀ ਸ਼ਾਮਲ ਹੈ। ਵਿੱਤੀ ਸਾਲ 2020-21 ’ਚ ਕੁੱਲ ਐਕਸਾਈਜ਼ ਕੁਲੈਕਸ਼ਨ 3.89 ਲੱਖ ਕਰੋੜ ਰੁਪਏ ਰਹੀ ਹੈ। ਤੇਲੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਬਾਜ਼ਾਰ ’ਤੇ ਨਿਰਭਰ ਹਨ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਇਨ੍ਹਾਂ ਨੂੰ ਤੈਅ ਕਰਦੀਆਂ ਹਨ।

ਇਹ ਵੀ ਪੜ੍ਹੋ: ਜਲਦ ਆਵੇਗਾ ਇਲੈਕਟ੍ਰਿਕ ਵਾਹਨਾਂ ਦਾ ਦੌਰ! ਇਹ ਸੂਬੇ ਦਿਲ ਖੋਲ੍ਹ ਕੇ ਦੇ ਰਹੇ ਨੇ ਵਾਹਨਾਂ 'ਤੇ ਸਬਸਿਡੀ

ਚਾਲੂ ਵਿੱਤੀ ਸਾਲ ’ਚ ਹੁਣ ਤੱਕ 39 ਵਾਰ ਮਹਿੰਗਾ ਹੋਇਆ ਪੈਟਰੋਲ

ਤੇਲੀ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦਾ ਅਸਰ ਹੋਲਸੇਲ ਪ੍ਰਾਈਜ਼ ਇੰਡੈਕਸ ’ਤੇ ਵੀ ਦਿਖਾਈ ਦੇ ਰਿਹਾ ਹੈ। ਇਸ ਇੰਡੈਕਸ ’ਚ ਪੈਟਰੋਲ, ਡੀਜ਼ਲ ਅਤੇ ਐੱਲ. ਪੀ. ਜੀ. ਦਾ ਵੇਟੇਜ਼ ਕ੍ਰਮਵਾਰ 1.60 ਫੀਸਦੀ, 3.10 ਫੀਸਦੀ ਅਤੇ 0.64 ਫੀਸਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਯਾਨੀ 2021-22 ’ਚ ਹੁਣ ਤੱਕ ਪੈਟਰੋਲ ਦੀ ਕੀਮਤ ’ਚ 39 ਵਾਰ ਅਤੇ ਡੀਜ਼ਲ ਦੀ ਕੀਮਤ ’ਚ 36 ਵਾਰ ਵਾਧਾ ਹੋਇਆ ਹੈ। ਜਦੋਂ ਪੈਟਰੋਲ ਦੀ ਕੀਮਤ ’ਚ 1 ਵਾਰ ਅਤੇ ਡੀਜ਼ਲ ਦੀ ਕੀਮਤ ’ਚ ਸਿਰਫ ਦੋ ਵਾਰ ਕਟੌਤੀ ਹੋਈ ਹੈ। ਪਿਛਲੇ ਵਿੱਤੀ ਸਾਲ ’ਚ ਪੈਟਰੋਲ ਦੀਆਂ ਕੀਮਤਾਂ 76 ਵਾਰ ਵਧੀਆਂ ਸਨ ਅਤੇ 10 ਵਾਰ ਘਟੀਆਂ ਸਨ। ਉੱਥੇ ਹੀ ਡੀਜ਼ਲ ਦੀਆਂ ਕੀਮਤਾਂ 73 ਵਾਰ ਵਧੀਆਂ ਸਨ ਅਤੇ 24 ਵਾਰ ਘਟੀਆਂ ਸਨ।

ਇਹ ਵੀ ਪੜ੍ਹੋ: ਟਰੈਕਟਰ ਖ਼ਰੀਦਣ 'ਤੇ ਮਿਲੇਗੀ 50 ਫ਼ੀਸਦੀ ਸਬਸਿਡੀ, ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ ਯੋਜਨਾ ਦਾ ਲ਼ਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News