ਇਨ੍ਹਾਂ ਸਕੀਮਾਂ ''ਚ ਪੈਸਾ ਲਾਉਣ ''ਤੇ ਐੱਫ. ਡੀ. ਨਾਲੋਂ ਜ਼ਿਆਦਾ ਮਿਲਦਾ ਹੈ ਵਿਆਜ

Wednesday, Oct 11, 2017 - 07:33 AM (IST)

ਨਵੀਂ ਦਿੱਲੀ— ਛੋਟੀਆਂ ਬਚਤ ਯੋਜਨਾਵਾਂ 'ਤੇ ਵਿਆਜ ਦਰਾਂ ਨਾ ਘਟਣ ਨਾਲ ਨਿਵੇਸ਼ਕਾਂ ਨੇ ਰਾਹਤ ਦਾ ਸਾਹ ਲਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਛੋਟੀਆਂ ਬਚਤ ਯੋਜਨਾਵਾਂ 'ਤੇ ਵਿਆਜ ਦਰਾਂ ਫਿਲਹਾਲ ਨਹੀਂ ਘਟਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਫਿਰ ਵੀ ਨਿਵੇਸ਼ਕਾਂ ਨੂੰ ਬਿਨਾਂ ਸੋਚੇ-ਸਮਝੇ ਕਿਸੇ ਵੀ ਛੋਟੀ ਬਚਤ ਸਕੀਮ 'ਚ ਪੈਸਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਹਰ ਸਕੀਮ ਦੀ ਆਪਣੀ ਖਾਸੀਅਤ ਹੁੰਦੀ ਹੈ। ਇਸ ਲਈ ਪੈਸੇ ਲਾਉਣ ਤੋਂ ਪਹਿਲਾਂ ਸਕੀਮ ਦੀ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ ਕਿ ਕਿਹੜੀ ਜ਼ਿਆਦਾ ਵਧੀਆ ਹੈ। ਹਾਲ ਹੀ 'ਚ ਬੈਂਕਾਂ ਨੇ ਐੱਫ. ਡੀ. 'ਤੇ ਵਿਆਜ ਦਰ ਘਟਾਈ ਹੈ। ਅਜਿਹੇ 'ਚ ਕੁਝ ਹੋਰ ਬਚਤ ਯੋਜਨਾਵਾਂ ਹਨ, ਜਿਨ੍ਹਾਂ 'ਚ ਨਿਵੇਸ਼ ਕਰਨ 'ਤੇ ਜ਼ਿਆਦਾ ਰਿਟਰਨ ਮਿਲਦਾ ਹੈ। ਆਓ ਜਾਣਦੇ ਹਾਂ ਉਨ੍ਹਾਂ 'ਚੋਂ ਕੁਝ ਯੋਜਨਾਵਾਂ ਬਾਰੇ

ਪਬਲਿਕ ਪ੍ਰਾਵੀਡੈਂਟ ਫੰਡ (ਪੀ. ਪੀ. ਐੱਫ.)— ਇਹ ਸਕੀਮ ਉਨ੍ਹਾਂ ਲਈ ਹੈ ਜੋ ਨਿਵੇਸ਼ 'ਚ ਰਿਸਕ ਨਹੀਂ ਲੈਣਾ ਚਾਹੁੰਦੇ। ਇਸ ਦਾ ਸਮਾਂ 15 ਸਾਲ ਤਕ ਦਾ ਹੁੰਦਾ ਹੈ ਅਤੇ ਇਸ 'ਤੇ ਮਿਲਣ ਵਾਲਾ ਵਿਆਜ ਫਿਲਹਾਲ 7.8 ਫੀਸਦੀ ਹੈ, ਜੋ ਕਿ ਐੱਫ. ਡੀ. 'ਤੇ ਮਿਲਣ ਵਾਲੇ ਵਿਆਜ ਤੋਂ ਜ਼ਿਆਦਾ ਹੈ। ਟੈਕਸ ਮੁਕਤ ਹੋਣ ਕਾਰਨ ਵੀ ਇਹ ਫਿਕਸਡ ਡਿਪਾਜ਼ਿਟ (ਐੱਫ. ਡੀ.) ਨਾਲੋਂ ਬਿਹਤਰ ਹੈ। ਪੀ. ਪੀ. ਐੱਫ. 'ਚ ਸਿਰਫ ਇਕ ਹੀ ਪੰਗਾ ਹੈ ਕਿ ਇਸ 'ਚ ਇਕ ਵਿਅਕਤੀ ਇਕ ਸਾਲ 'ਚ 1.5 ਲੱਖ ਰੁਪਏ ਤੋਂ ਜ਼ਿਆਦਾ ਨਿਵੇਸ਼ ਨਹੀਂ ਕਰ ਸਕਦਾ ਹੈ।

ਸੁਕੰੰਨਿਆ ਸਮਰਿਧੀ ਯੋਜਨਾ (ਐੱਸ. ਐੱਸ. ਵਾਈ.)— ਇਸ 'ਤੇ 8.3 ਫੀਸਦੀ ਵਿਆਜ ਮਿਲਦਾ ਹੈ। ਜੇਕਰ ਤੁਹਾਡੀ 10 ਸਾਲ ਤੋਂ ਘੱਟ ਉਮਰ ਦੀ ਬੇਟੀ ਹੈ ਤਾਂ ਸੁਕੰਨਿਆ ਸਮਰਿਧੀ ਯੋਜਨਾ ਪੀ. ਪੀ. ਪੀ. ਐੱਫ. ਨਾਲੋਂ ਬਿਹਤਰ ਬਦਲ ਹੈ ਕਿਉਂਕਿ ਪੀ. ਪੀ. ਐੱਫ. ਦੇ ਮੁਕਾਬਲੇ ਜ਼ਿਆਦਾ ਵਿਆਜ ਮਿਲਦਾ ਹੈ। ਪੀ. ਪੀ. ਐੱਫ. ਦੀ ਤਰ੍ਹਾਂ ਇਹ ਵੀ ਟੈਕਸ ਮੁਕਤ ਹੈ ਅਤੇ ਇਸ 'ਚ ਵੀ ਸਾਲ 'ਚ 1.5 ਲੱਖ ਰੁਪਏ ਤੋਂ ਜ਼ਿਆਦਾ ਨਿਵੇਸ਼ ਨਹੀਂ ਕਰ ਸਕਦੇ। ਘੱਟੋ-ਘੱਟ 1000 ਰੁਪਏ ਦੇ ਨਾਲ ਇਸ ਦਾ ਖਾਤਾ ਕਿਸੇ ਵੀ ਡਾਕਘਰ ਜਾਂ ਬੈਂਕ 'ਚ ਖੁੱਲ੍ਹਵਾ ਸਕਦੇ ਹੋ। ਮਾਤਾ-ਪਿਤਾ ਸਿਰਫ ਦੋ ਬੇਟੀਆਂ ਲਈ ਹੀ ਖਾਤਾ ਖੁੱਲ੍ਹਵਾ ਸਕਦੇ ਹਨ ਪਰ ਦੋਵੇਂ ਖਾਤਿਆਂ 'ਚ ਕੁੱਲ ਮਿਲਾ ਕੇ 1.5 ਲੱਖ ਤੋਂ ਜ਼ਿਆਦਾ ਦਾ ਸਾਲਾਨਾ ਨਿਵੇਸ਼ ਨਹੀਂ ਕੀਤਾ ਜਾ ਸਕਦਾ। ਇਸ ਦੀ ਮਿਆਦ 14 ਸਾਲ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਸੁਕੰਨਿਆ ਸਕੀਮ ਲੰਬੀ ਮਿਆਦ ਦੇ ਨਿਵੇਸ਼ ਲਿਹਾਜ ਨਾਲ ਸਰਵੋਤਮ ਨਹੀਂ ਹੈ। ਇਹ ਸਹੀ ਵੀ ਹੈ ਕਿਉਂਕਿ ਸ਼ੇਅਰ ਆਧਾਰਿਤ ਬਦਲਾਂ ਨਾਲ ਜ਼ਿਆਦਾ ਰਿਟਰਨ ਮਿਲਦਾ ਹੈ। ਚੰਗੀ ਗੱਲ ਇਹ ਹੈ ਕਿ ਸੁਕੰਨਿਆ ਸਮਰਿਧੀ ਸਕੀਮ ਨਾਲ ਬੇਟੀ ਦੀ ਸਿੱਖਿਆ ਅਤੇ ਉਸ ਦੇ ਵਿਆਹ 'ਚ ਵੱਡੀ ਮਦਦ ਮਿਲ ਜਾਂਦੀ ਹੈ। 

ਸੀਨੀਅਰ ਸਿਟੀਜ਼ਨ ਬਚਤ ਸਕੀਮ (ਐੱਸ. ਸੀ. ਐੱਸ. ਐੱਸ.)— ਇਸ ਸਕੀਮ ਨਾਲ ਰਿਟਾਇਰ ਹੋਏ ਲੋਕਾਂ ਨੂੰ ਆਮ ਆਮਦਨ ਹੋ ਜਾਂਦੀ ਹੈ। ਇਸ ਸਕੀਮ ਦੀ ਮਿਆਦ 5 ਸਾਲ ਹੈ, ਜੋ ਬਾਅਦ 'ਚ 3 ਸਾਲ ਲਈ ਅੱਗੇ ਵਧਾਈ ਜਾ ਸਕਦੀ ਹੈ। ਹਾਲਾਂਕਿ ਇੱਥੇ ਨਿਵੇਸ਼ ਲਈ ਪ੍ਰਤੀ ਵਿਅਕਤੀ 15 ਲੱਖ ਰੁਪਏ ਦੀ ਲਿਮਟ ਤੈਅ ਕੀਤੀ ਗਈ ਹੈ। ਇਸ ਦੇ ਇਲਾਵਾ ਇਹ ਸਕੀਮ ਸਿਰਫ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ। ਇਸ ਸਕੀਮ 'ਤੇ 8.3 ਫੀਸਦੀ ਵਿਆਜ ਮਿਲਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸੀਨੀਅਰ ਨਾਗਰਿਕਾਂ ਲਈ ਇਹ ਸਕੀਮ ਪਹਿਲੀ ਪਸੰਦ ਹੋਣੀ ਚਾਹੀਦੀ ਹੈ।


Related News