ਵਾਰੇਨ ਬਫੇ ਦਾ Paytm ਨੂੰ ਬੂਸਟ, ਡਿਜੀਟਲ ਪੇਮੈਂਟ ਬਾਜ਼ਾਰ 'ਚ ਛਿੜੇਗੀ ਜੰਗ
Friday, Sep 28, 2018 - 01:13 PM (IST)

ਨਵੀਂ ਦਿੱਲੀ— ਡਿਜੀਟਲ ਪੇਮੈਂਟ ਦੇ ਬਾਜ਼ਾਰ 'ਤੇ ਕਬਜ਼ਾ ਕਰਨ ਲਈ ਦਿੱਗਜਾਂ 'ਚ ਜਲਦ ਹੀ ਜੰਗ ਛਿੜ ਸਕਦੀ ਹੈ। ਪੇਟੀਐੱਮ ਨੂੰ ਬਰਕਸ਼ਾਇਰ ਹੈਥਵੇਅ ਤੋਂ ਵੱਡੀ ਰਕਮ ਪ੍ਰਾਪਤ ਹੋਈ ਹੈ, ਜਿਸ ਨਾਲ ਉਹ ਬਾਜ਼ਾਰ 'ਚ ਹੋਰ ਤੇਜ਼ੀ ਨਾਲ ਪੈਰ ਪਸਾਰੇਗੀ। ਖਬਰਾਂ ਮੁਤਾਬਕ, ਪੇਟੀਐੱਮ ਦੀ ਪੈਰੇਂਟ ਕੰਪਨੀ 'ਵਨ-97 ਕਮਿਊਨੀਕੇਸ਼ਨ ਲਿਮਟਿਡ' 'ਚ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ 30 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ। ਵਾਰੇਨ ਬਫੇ ਦੀ ਕੰਪਨੀ ਬਰਕਾਸ਼ਾਇਰ ਦਾ ਭਾਰਤ 'ਚ ਇਹ ਇਸ ਤਰ੍ਹਾਂ ਦਾ ਪਹਿਲਾ ਨਿਵੇਸ਼ ਹੈ। ਬਰਕਸ਼ਾਇਰ ਹੈਥਵੇਅ ਆਮ ਤੌਰ 'ਤੇ ਇੰਟਰਨੈੱਟ ਫਰਮ 'ਚ ਨਿਵੇਸ਼ ਨਹੀਂ ਕਰਦੀ ਹੈ।
ਦੇਸ਼ ਦੇ ਡਿਜੀਟਲ ਪੇਮੈਂਟ ਬਾਜ਼ਾਰ 'ਚ ਗੂਗਲ ਪੇਅ, ਐਮਾਜ਼ੋਨ ਪੇਅ, ਭੀਮ, ਫਲਿੱਪਕਾਰਟ ਦੇ ਫੋਨ-ਪੀ ਅਤੇ ਪੇਟੀਐੱਮ 'ਚ ਚੱਲ ਰਹੇ ਮੁਕਾਬਲੇ ਨੂੰ ਦੇਖਦੇ ਹੋਏ ਬਰਕਸ਼ਾਇਰ ਦੇ ਇਸ ਨਿਵੇਸ਼ ਨੂੰ ਪੇਟੀਐੱਮ ਲਈ ਵੱਡਾ ਬੂਸਟ ਮੰਨਿਆ ਜਾ ਰਿਹਾ ਹੈ। ਬਰਕਸ਼ਾਇਰ ਇਕ ਵੱਡੀ ਨਿਵੇਸ਼ਕ ਕੰਪਨੀ ਹੈ। ਇਸ ਤੋਂ ਪਹਿਲਾਂ ਬਰਕਸ਼ਾਇਰ ਹੈਥਵੇਅ ਕਈ ਲਿਸਟਡ ਫਰਮਾਂ ਜਿਵੇਂ ਕਿ ਇੰਟਰਨੈਸ਼ਨਲ ਬਿਜ਼ਨੈੱਸ ਮਸ਼ੀਨ (ਆਈ. ਬੀ. ਐੱਮ.) ਅਤੇ ਐਪਲ 'ਚ ਵੀ ਪੈਸਾ ਲਾ ਚੁੱਕੀ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਪੇਟੀਐੱਮ ਵਰਗੇ ਪਲੇਟਫਾਰਮ 'ਚ ਨਿਵੇਸ਼ ਕੀਤਾ ਹੈ। ਹਾਲਾਂਕਿ, ਬਰਕਸ਼ਾਇਰ ਹਾਲ ਹੀ 'ਚ ਆਈ. ਬੀ. ਐੱਮ. 'ਚੋਂ ਬਾਹਰ ਨਿਕਲੀ ਹੈ ਪਰ ਐਪਲ 'ਚ ਉਸ ਦਾ ਨਿਵੇਸ਼ ਅਜੇ ਵੀ ਹੈ। ਪੇਟੀਐੱਮ 'ਚ ਜਾਪਾਨ ਦੇ ਸਾਫਟਬੈਂਕ, ਚੀਨ ਦੇ ਅਲੀਬਾਬਾ ਅਤੇ ਐਂਟ ਫਾਈਨੈਂਸ਼ਲ ਦਾ ਵੀ ਨਿਵੇਸ਼ ਹੈ।