ਸੈਮੀਕੰਡਕਟਰ ਸਪਲਾਈ ’ਚ ਸੁਧਾਰ ਨਾਲ ਯਾਤਰੀ ਵਾਹਨਾਂ ਦੀ ਵਿਕਰੀ ਅਗਸਤ ’ਚ 21 ਫੀਸਦੀ ਵਧੀ

Saturday, Sep 10, 2022 - 10:41 AM (IST)

ਸੈਮੀਕੰਡਕਟਰ ਸਪਲਾਈ ’ਚ ਸੁਧਾਰ ਨਾਲ ਯਾਤਰੀ ਵਾਹਨਾਂ ਦੀ ਵਿਕਰੀ ਅਗਸਤ ’ਚ 21 ਫੀਸਦੀ ਵਧੀ

ਨਵੀਂ ਦਿੱਲੀ–ਸੈਮੀਕੰਡਕਟਰ ਸਪਲਾਈ ’ਚ ਸੁਧਾਰ ਅਤੇ ਤਿਉਹਾਰੀ ਮੰਗ ਕਾਰਨ ਅਗਸਤ 2022 ’ਚ ਯਾਤਰੀ ਵਾਹਨਾਂ (ਪੀ. ਵੀ.) ਦੀ ਥੋਕ ਵਿਕਰੀ ਸਾਲਾਨਾ ਆਧਾਰ ’ਤੇ 21 ਫੀਸਦੀ ਵਧ ਗਈ। ਵਾਹਨ ਬਣਾਉਣ ਵਾਲੀਆਂ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਵਲੋਂ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਡੀਲਰਾਂ ਨੂੰ 2,81,210 ਯਾਤਰੀ ਵਾਹਨਾਂ ਦੀ ਸਪਲਾਈ ਕੀਤੀ ਗਈ ਸੀ ਜਦ ਕਿ ਅਗਸਤ 2021 ’ਚ ਇਹ ਅੰਕੜਾ 2,32,224 ਇਕਾਈ ਸੀ।
ਸਿਆਮ ਨੇ ਕਿਹਾ ਕਿ ਯਾਤਰੀ ਕਾਰਾਂ ਦੀ ਥੋਕ ਵਿਕਰੀ ਪਿਛਲੇ ਮਹੀਨੇ 23 ਫੀਸਦੀ ਵਧ ਕੇ 1,33,477 ਇਕਾਈ ਹੋ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 1,08,508 ਇਕਾਈ ਸੀ। ਯੂਟੀਲਿਟੀ ਵਾਹਨਾਂ ਦੀ ਸਪਲਾਈ ਅਗਸਤ ’ਚ 20 ਫੀਸਦੀ ਵਧ ਕੇ 1,35,497 ਇਕਾਈ ’ਤੇ ਪਹੁੰਚ ਗਈ ਜਦ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਹ 1,12,863 ਇਕਾਈ ਸੀ। ਇਸ ਤਰ੍ਹਾਂ ਪਿਛਲੇ ਮਹੀਨੇ ਕੁੱਲ ਦੋ ਪਹੀਆ ਵਾਹਨਾਂ ਦੀ ਥੋਕ ਵਿਕਰੀ 16 ਫੀਸਦੀ ਵਧ ਕੇ 15,57,429 ਇਕਾਈ ਹੋ ਗਈ। ਅਗਸਤ 2021 ’ਚ ਇਹ 13,38,740 ਇਕਾਈ ਸੀ। ਉੱਥੇ ਹੀ ਪਿਛਲੇ ਮਹੀਨੇ ਮੋਟਰਸਾਈਕਲ ਦੀ ਥੋਕ ਵਿਕਰੀ ਵੀ 23 ਫੀਸਦੀ ਵਧ ਕੇ 10,16,794 ਇਕਾਈ ਹੋ ਗਈ। ਪਿਛਲੇ ਸਾਲ ਅਗਸਤ ਮਹੀਨੇ ’ਚ ਇਸ ਦੀਆਂ 8,25,849 ਇਕਾਈਆਂ ਵਿਕੀਆਂ ਸਨ।
ਸਿਆਮ ਨੇ ਕਿਹਾ ਕਿ ਪਿਛਲੇ ਮਹੀਨੇ 10 ਫੀਸਦੀ ਦੀ ਬੜ੍ਹਤ ਨਾਲ 5,04,146 ਸਕੂਟਰਾਂ ਦੀ ਵਿਕਰੀ ਹੋਈ। ਅਗਸਤ 2021 ’ਚ ਇਹ ਗਿਣਤੀ 4,60,284 ਇਕਾਈ ਸੀ। ਸਿਆਮ ਮੁਤਾਬਕ ਇਸ ਸਾਲ ਅਗਸਤ ’ਚ ਸਾਰੇ ਸੈਗਮੈਂਟਸ ਦੀ ਵਿਕਰੀ 18 ਫੀਸਦੀ ਵਧ ਕੇ 18,77,072 ਇਕਾਈ ’ਤੇ ਪਹੁੰਚ ਗਈ। ਪਿਛਲੇ ਸਾਲ ਅਗਸਤ ਮਹੀਨੇ ’ਚ ਇਹ ਅੰਕੜਾ 15,94,573 ਇਕਾਈ ਦਾ ਸੀ। ਸੰਗਠਨ ਨੇ ਕਿਹਾ ਕਿ ਸੈਮੀਕੰਡਕਟਰ ਦੀ ਕਮੀ ’ਚ ਸੁਧਾਰ ਅਤੇ ਤਿਉਹਾਰੀ ਸੀਜ਼ਨ ਦੀ ਮੰਗ ਕਾਰਨ ਸਪਲਾਈ ’ਚ ਤੇਜ਼ੀ ਆਈ ਹੈ। ਉਥੇ ਹੀ ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ ਕਿ ਚੰਗੇ ਮਾਨਸੂਨ ਅਤੇ ਆਗਾਮੀ ਤਿਉਹਾਰੀ ਸੀਜ਼ਨ ਤੋਂ ਮੰਗ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਸਿਆਮ ਸਪਲਾਈ ਪੱਖ ਦੀਆਂ ਚੁਣੌਤੀਆਂ ’ਤੇ ਨੇੜੇਓਂ ਨਜ਼ਰ ਰੱਖ ਰਿਹਾ ਹੈ।


author

Aarti dhillon

Content Editor

Related News