ਪੰਜਾਬ ਦੇ ਖਜ਼ਾਨੇ ਨੂੰ ਮਿਲੇਗੀ ਰਾਹਤ! GST ਰਾਸ਼ੀ ਜਲਦ ਹੋ ਸਕਦੀ ਹੈ ਜਾਰੀ

12/04/2019 1:08:25 PM

ਨਵੀਂ ਦਿੱਲੀ— ਵਿੱਤ ਮੰਤਰੀ ਸੀਤਾਰਮਨ ਨੇ ਰਾਜਾਂ ਨੂੰ ਪਿਛਲੀ ਜੀ. ਐੱਸ. ਟੀ. ਰਾਸ਼ੀ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਗੁੱਡਜ਼ ਤੇ ਸਰਵਿਸ ਟੈਕਸ ਦੀ ਮੁਆਵਜ਼ਾ ਰਾਸ਼ੀ ਮਿਲਣ 'ਚ ਹੋ ਰਹੀ ਦੇਰੀ ਨੂੰ ਲੈ ਕੇ ਵਿਰੋਧੀ ਸ਼ਾਸਤ ਰਾਜਾਂ ਦੇ ਵਿੱਤ ਮੰਤਰੀਆਂ ਤੇ ਨੁਮਾਇੰਦਿਆਂ ਨੇ ਬੁੱਧਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਵਿੱਤੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ, ਪੰਜਾਬ, ਪੁਡੂਚੇਰੀ ਤੇ ਮੱਧ ਪ੍ਰਦੇਸ਼ ਦੇ ਵਿੱਤ ਮੰਤਰੀਆਂ ਅਤੇ ਕੇਰਲਾ, ਰਾਜਸਥਾਨ, ਛੱਤੀਸਗੜ ਤੇ ਪੱਛਮੀ ਬੰਗਾਲ ਦੇ ਨੁਮਾਇੰਦੇ ਮੁਆਵਜ਼ੇ ਦੀ ਅਦਾਇਗੀ 'ਚ ਦੇਰੀ ਨੂੰ ਲੈ ਕੇ ਇਸ ਬੈਠਕ 'ਚ ਸ਼ਾਮਲ ਹੋਏ।

 

ਨਿਰਮਲਾ ਸੀਤਾਰਮਨ ਨਾਲ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਗਸਤ ਤੇ ਸਤੰਬਰ ਦਾ ਮੁਆਵਜ਼ਾ ਰਾਜਾਂ ਨੂੰ ਜਾਰੀ ਨਹੀਂ ਕੀਤਾ ਗਿਆ ਹੈ। ਇੱਥੋਂ ਤਕ ਕਿ ਹੁਣ ਅਗਲੀ ਮਿਆਦ (ਅਕਤੂਬਰ-ਨਵੰਬਰ) ਦਾ ਮੁਆਵਜ਼ਾ ਵੀ ਲਟਕਣ ਵਾਲਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਨੇ ਸਾਨੂੰ ਭਰੋਸਾ ਦਿੱਤਾ ਕਿ ਮੁਆਵਜ਼ਾ ਜਲਦ ਤੋਂ ਜਲਦ ਜਾਰੀ ਕਰ ਦਿੱਤਾ ਜਾਵੇਗਾ ਪਰ ਉਨ੍ਹਾਂ ਨੇ ਕੋਈ ਸਮਾਂ-ਰੇਖਾ ਨਹੀਂ ਦੱਸੀ।

ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਕਿ ਹੁਣ ਤੱਕ ਰਾਜਾਂ ਨੂੰ ਅਗਸਤ ਤੇ ਸਤੰਬਰ ਮਹੀਨੇ ਲਈ ਮੁਆਵਜ਼ਾ ਨਹੀਂ ਮਿਲਿਆ ਹੈ ਅਤੇ 10 ਦਸੰਬਰ ਤੋਂ ਬਾਅਦ ਅਕਤੂਬਰ-ਨਵੰਬਰ ਦੀ ਮਿਆਦ ਦਾ ਜੀ. ਐੱਸ. ਟੀ. ਮੁਆਵਜ਼ਾ ਵੀ ਲਟਕ ਜਾਵੇਗਾ।
ਉੱਥੇ ਹੀ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਮੁਆਵਜ਼ਾ ਫੰਡ 'ਚ ਲੋੜੀਂਦਾ ਪੈਸਾ ਨਹੀਂ ਹੈ, ਲਗਭਗ 50,000 ਕਰੋੜ ਰੁਪਏ ਸੈੱਸ ਕੁਲੈਕਸ਼ਨ ਰਾਹੀਂ ਇਸ 'ਚ ਜਮ੍ਹਾ ਹੋਏ ਹਨ। ਸਿਸੋਦੀਆ ਨੇ ਕਿਹਾ, ''ਅਸੀਂ ਸੋਚਿਆ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਪੀਲ ਕੀਤੀ ਜਾਵੇ ਕਿ ਉਹ ਖੁਦ ਇਸ ਦੀ ਘੋਖ ਕਰਨ ਤੇ ਸੰਸਦ ਵੱਲੋਂ ਪਾਸ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਨਾ ਹੋਵੇ।''


Related News