ਟੈਕਸ ਨੀਤੀ ਤੈਅ ਹੁੰਦਿਆਂ ਹੀ ਆਨਲਾਈਨ ਗੇਮਿੰਗ ਨੂੰ ਮਿਲੇਗਾ ਨਿਵੇਸ਼ : ਸੀਤਾਰਮਨ
Wednesday, May 03, 2023 - 01:34 PM (IST)
ਬਿਜ਼ਨੈੱਸ ਡੈਸਕ (ਭਾਸ਼ਾ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੀ. ਐੱਸ. ਟੀ. ਪ੍ਰੀਸ਼ਦ ਆਨਲਾਈਨ ਗੇਮ ’ਤੇ ਟੈਕਸ ਦੀ ਨੀਤੀ ਲਿਆਉਣ ’ਤੇ ਵਿਚਾਰ ਕਰ ਰਹੀ ਹੈ ਅਤੇ ਇਸਨੂੰ ਅੰਤਿਮ ਰੂਪ ਦਿੱਤੇ ਜਾਣ ’ਤੇ ਇਸ ਉਦਯੋਗ ਨੂੰ ਨਿਵੇਸ਼ ਜੁਟਾਉਣ ਵਿਚ ਮਦਦ ਮਿਲੇਗੀ। ਦੱਖਣੀ ਕੋਰੀਆ ਦੇ ਦੌਰੇ ’ਤੇ ਆਈ ਸੀਤਾਰਮਨ ਨੇ ਇਥੇ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਦੇ ਹੋਏ ਕਿਹਾ ਕਿ ਆਨਲਾਈਨ ਗੇਮਿੰਗ ’ਤੇ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਗਾਉਣ ਦੇ ਸੰਦਰਭ ਵਿਚ ਜੀ. ਐੱਸ. ਟੀ. ਪ੍ਰੀਸ਼ਦ ਦੇ ਪੱਧਰ ’ਤੇ ਵਿਚਾਰ ਚਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜੀ. ਐੱਸ. ਟੀ. ਟੈਕਸ ਤੋਂ ਇਲਾਵਾ ਹੋਰ ਸਬੰਧਤ ਮੁੱਦਿਆਂ ’ਤੇ ਵੀ ਮੰਤਰੀ ਪੱਧਰੀ ਚਰਚਾ ਜਾਰੀ ਹੈ। ਕੋਰੀਆਈ ਗੇਮਿੰਗ ਕੰਪਨੀ ਕ੍ਰਾਫਟਨ ਵੱਲੋਂ ਗੇਮਿੰਗ ਖੇਤਰ 'ਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਉਪਾਅ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ''ਇਸ ਨੀਤੀ ਨੂੰ ਲੈ ਕੇ ਨਿਸ਼ਚਿਤ ਹੋਣ ਨਾਲ ਟੈਕਸ ਹੋਰ ਸਪੱਸ਼ਟ ਹੋ ਜਾਵੇਗਾ ਅਤੇ ਇਸ ਨਾਲ ਨਿਵੇਸ਼ਕ ਆਕਰਸ਼ਿਤ ਹੋ ਜਾਣਗੇ।'' ਜੀ.ਐੱਸ.ਟੀ. ਮੁੱਦਿਆਂ 'ਤੇ ਫ਼ੈਸਲਾ ਕਰਨ ਵਾਲੀ ਸਿਖਰ ਸੰਸਥਾ ਜੀ.ਐੱਸ.ਟੀ. ਕੌਂਸਲ ਦੀ ਪ੍ਰਧਾਨਗੀ ਵਿੱਤ ਮੰਤਰੀ ਕਰਦੀ ਹੈ ਅਤੇ ਰਾਜਾਂ ਦੇ ਵਿੱਤ ਮੰਤਰੀ ਵੀ ਇਸ ਦਾ ਹਿੱਸਾ ਹੁੰਦੇ ਹਨ।
ਸੰਭਾਵਨਾ ਜਤਾਈ ਜਾ ਰਹੀ ਹੈ ਕਿ GST ਕੌਂਸਲ ਦੀ ਜੂਨ 'ਚ ਹੋਣ ਵਾਲੀ ਅਗਲੀ ਬੈਠਕ 'ਚ ਆਨਲਾਈਨ ਗੇਮਿੰਗ ਨੂੰ ਲੈ ਕੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ ਆਨਲਾਈਨ ਗੇਮਿੰਗ ਦਾ ਤੇਜ਼ੀ ਨਾਲ ਵਿਸਤਾਰ ਹੋਇਆ ਹੈ।