'ਸਰਕਾਰਾਂ ਅਤੇ ਵਪਾਰੀਆਂ ਦੀ ਮਿਲੀ ਭੁਗਤ ਨਾਲ ਹੋਇਆ ਪਿਆਜ਼ ਦੇ ਰੇਟ 'ਚ ਵਾਧਾ'

Monday, Dec 02, 2019 - 04:24 PM (IST)

'ਸਰਕਾਰਾਂ ਅਤੇ ਵਪਾਰੀਆਂ ਦੀ ਮਿਲੀ ਭੁਗਤ ਨਾਲ ਹੋਇਆ ਪਿਆਜ਼ ਦੇ ਰੇਟ 'ਚ ਵਾਧਾ'

ਫਰੀਦਕੋਟ(ਜਗਤਾਰ ਦੁਸਾਂਝ) — ਪਿਆਜ਼ 'ਚ ਕੁੜੱਤਣ ਹੋਣ ਕਰਕੇ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਦੇ ਤਾਂÎ ਆਮ ਦੇਖੇ ਸਨ,ਪਰ ਹੁਣ ਪਿਆਜ਼ ਦੇ ਅਸਮਾਨੀ ਚੜ੍ਹੇ ਰੇਟਾਂ ਨੇ ਵੀ ਲੋਕਾਂ ਦੀਆਂ ਅੱਖਾਂ ਵਿਚੋਂ ਹੰਝੂ ਕਢਵਾ ਦਿੱਤੇ ਹਨ। ਭਾਵੇਂ ਕਿ ਪਿਆਜ਼ ਦੀਆਂ ਕੀਮਤਾਂ 'ਚ ਇਹ ਤੇਜ਼ੀ ਪਿਛਲੇ ਲੰਮੇ ਸਮੇਂ ਤੋਂ ਦੇਖਣ ਨੂੰ ਮਿਲ ਰਹੀ ਹੈ। ਪਰ ਹੁਣ ਜਿਹੜੀ ਤੇਜ਼ੀ ਆਈ ਹੈ ਉਸ ਦੇ ਕਾਰਨ ਬਾਰੇ ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ, ਨਾਸਿਕ, ਅਲਵਰ, ਅਫਗਾਨਿਸਤਾਨ ਤੋਂ ਪੰਜਾਬ 'ਚ ਹੁੰਦੀ ਸਪਲਾਈ ਬੰਦ ਹੋ ਗਈ ਹੈ ਜਿਸ ਦਾ ਕਾਰਨ ਉਕਤ ਸੂਬਿਆਂ ਵਿਚ ਹੋਈ ਭਾਰੀ ਬਰਸਾਤਾਂ ਦਾ ਪੈਣਾ ਹੈ। ਜੇਕਰ ਮੌਜੂਦਾ ਸਮੇਂ 'ਚ ਪਿਆਜ਼ ਦੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਪਿਆਜ਼ ਥੋਕ 'ਚ 60 ਤੋਂ 65 ਰੁਪਏ ਪ੍ਰਤੀ ਕਿਲੋ ਅਤੇ ਜੇਕਰ ਬਜਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਆਮ ਲੋਕਾਂ ਨੂੰ 80 ਰੁਪਏ ਦੇ ਕਰੀਬ ਤੱਕ ਵੀ ਪਿਆਜ਼ ਨੂੰ ਖਰੀਦਣਾ ਪੈ ਰਿਹਾ ਹੈ। ਦੂਜੇ ਪਾਸੇ ਆਮ ਲੋਕਾਂ ਨੇ ਪਿਆਜ਼ ਦੇ ਵਧੇ ਰੇਟਾਂ ਦਾ ਕਾਰਨ ਵਪਾਰੀਆਂ ਅਤੇ ਸਰਕਾਰਾਂ ਦੀ ਮਿਲੀਭੁਗਤ ਵੀ ਦੱਸਿਆ ਹੈ।

ਇਸ ਮੌਕੇ ਜਦੋਂ ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਪਰੇਸ਼ਾਨ ਆਮ ਲੋਕਾਂ ਨਾਲ ਗੱਲ ਕੀਤੀ ਤਾਂ  ਉਨ੍ਹਾਂ ਦਾ ਕਹਿਣਾ ਸੀ ਕਿ ਪਿਆਜ਼ ਦਾ ਰੇਟ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਵੱਧ ਸੀ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ 65 ਰੁਪਏ ਤੋਂ ਲੈ ਕੇ 85 ਰੁਪਏ ਪ੍ਰਤੀ ਕਿਲੋ ਤੱਕ ਦਾ ਪਿਆਜ਼ ਖਰੀਦਣਾ ਪੈ ਰਿਹਾ ਹੈ। ਮੌਜੂਦਾ ਸਮੇਂ 'ਚ ਜਿੰਨੇ ਪੈਸੇ 2 ਕਿਲੋ ਪਿਆਜ਼ ਖਰੀਦਣ ਲਈ ਲਗਦੇ ਹਨ ਪਹਿਲਾਂ ਇੰਨੀ ਕੀਮਤ 'ਚ ਸਾਰੀਆਂ ਸਬਜ਼ੀਆਂ ਆ ਜਾਂਦੀਆਂ ਸਨ। ਇਸ ਮੌਕੇ ਆਮ ਲੋਕਾਂ ਨੇ ਇਸ ਦਾ ਕਾਰਨ ਮੌਸਮ ਨੂੰ ਘੱਟ ਅਤੇ ਵਪਾਰੀਆਂ ਤੇ ਸਰਕਾਰਾਂ ਦੀ ਮਿਲੀਭੁਗਤ ਦਾ ਹੋਣਾ ਜ਼ਿਆਦਾ ਦੱਸਿਆ ਹੈ।

ਇਸ ਮੌਕੇ ਜਦੋਂ ਸਬਜ਼ੀ ਮੰਡੀ ਦੇ ਵਪਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਪਿਆਜ਼ ਦੇ ਵਧੇ ਰੇਟ ਦਾ ਕਾਰਨ ਬਰਸਾਤ ਜਿਆਦਾ ਪੈਣਾ ਦਸਦੇ ਹੋਏ ਕਿਹਾ ਕਿ ਫਰੀਦਕੋਟ ਵਿਚ ਸਿਰਫ ਇਕ ਗੱਡੀ ਪਿਆਜ਼ ਦੀ ਆ ਰਹੀ ਹੈ ਬਾਹਰਲੇ ਸੂਬਿਆਂ ਚ ਪਿਆਜ਼ ਦੀ ਫਸਲ ਨੂੰ ਬਰਸਾਤ ਨੇ ਪ੍ਰਭਾਵਿਤ ਕਰ ਦਿੱਤਾ ਹੈ ਇਸ ਕਰਕੇ ਪਿਆਜ਼ ਦੀ ਸਪਲਾਈ ਬੰਦ ਹੋ ਗਈ ਹੈ ਅਤੇ ਪਿਆਜ਼ ਦੇ ਰੇਟ ਵਧ ਗਏ ਹਨ।


Related News