ਪਿਆਜ਼ ਕੀਮਤਾਂ ''ਤੇ ਕੰਟਰੋਲ ਲਈ ਹੁਣ ਸਟਾਕ ''ਤੇ ਲੱਗੇਗੀ ਲਗਾਮ

09/22/2019 3:40:59 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਤੇ ਦੇਸ਼ ਦੇ ਹੋਰ ਬਾਜ਼ਾਰਾਂ 'ਚ ਪਿਆਜ਼ 70-80 ਰੁਪਏ ਕਿਲੋ ਪਹੁੰਚਣ ਕਾਰਨ ਸਰਕਾਰ ਹੁਣ ਜਲਦ ਇਸ ਦੀ ਸਟਾਕ ਲਿਮਟ ਨਿਰਧਾਰਤ ਕਰਨ ਜਾ ਰਹੀ ਹੈ, ਜਿਸ ਤੋਂ ਵੱਧ ਕੋਈ ਵੀ ਵਪਾਰੀ ਇਸ ਦਾ ਸਟਾਕ ਜਮ੍ਹਾਂ ਨਹੀਂ ਕਰ ਸਕੇਗਾ। ਵਪਾਰੀ ਇਹ ਕਹਿ ਰਹੇ ਹਨ ਕਿ ਮੌਨਸੂਨ ਦੀ ਭਾਰੀ ਬਾਰਸ਼ ਕਾਰਨ ਸਪਲਾਈ ਪ੍ਰਭਾਵਿਤ ਹੋਈ ਹੈ, ਜਦੋਂ ਕਿ ਬਾਜ਼ਾਰ 'ਚ ਇਹ ਵੀ ਰੌਲਾ ਹੈ ਕਿ ਕਈ ਵਪਾਰੀ ਇਸ ਨੂੰ ਦੱਬ ਕੇ ਬੈਠੇ ਹਨ, ਜਿਸ ਕਾਰਨ ਕੀਮਤਾਂ 'ਚ ਭਾਰੀ ਉਛਾਲ ਹੈ ਅਤੇ ਲੋਕਾਂ ਨੂੰ ਜੇਬ ਢਿੱਲੀ ਕਰਨੀ ਪੈ ਰਹੀ ਹੈ।

 

ਦਿੱਲੀ 'ਚ ਪਿਛਲੇ ਹਫਤੇ ਪਿਆਜ਼ ਦੀ ਪ੍ਰਚੂਨ ਕੀਮਤ 57 ਰੁਪਏ ਕਿਲੋ ਸੀ। ਉੱਥੇ ਹੀ, ਮੁੰਬਈ 'ਚ 56 ਰੁਪਏ, ਕੋਲਕਾਤਾ 'ਚ 48 ਤੇ ਚੇਨਈ 'ਚ 34 ਰੁਪਏ ਕਿਲੋ ਸੀ। ਇਸ ਤੋਂ ਇਲਾਵਾ ਗੁਰੂਗ੍ਰਾਮ ਅਤੇ ਜੰਮੂ 'ਚ ਇਹ 60 ਰੁਪਏ ਕਿਲੋ ਵਿਕ ਰਿਹਾ ਸੀ। ਸੂਤਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿਆਜ਼ ਦੀ ਸਪਲਾਈ ਵਧਾਉਣ ਲਈ ਕਈ ਕਦਮ ਚੁੱਕੇ ਜਾਣ ਦੇ ਬਾਵਜੂਦ ਕੀਮਤਾਂ 'ਚ ਤੇਜ਼ੀ ਆਈ ਹੈ।

ਸੂਤਰਾਂ ਮੁਤਾਬਕ, ਇਕ-ਦੋ ਦਿਨਾਂ 'ਚ ਸਪਲਾਈ ਠੀਕ ਨਹੀਂ ਹੁੰਦੀ ਹੈ ਤਾਂ ਸਰਕਾਰ ਵਪਾਰੀਆਂ ਲਈ ਗੰਭੀਰਤਾ ਨਾਲ ਭੰਡਾਰਣ ਦੀ ਲਿਮਟ ਨਿਰਧਾਰਤ ਕਰਨ 'ਤੇ ਵਿਚਾਰ ਕਰ ਰਹੀ ਹੈ। ਮੌਸਮ ਵਿਭਾਗ ਮੁਤਾਬਕ, ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼ ਤੇ ਪੂਰਬੀ ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ 'ਚ ਪਿਛਲੇ ਦੋ ਦਿਨਾਂ 'ਚ ਭਾਰੀ ਬਾਰਸ਼ ਹੋਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਅਜੇ ਸਟਾਕ ਵਾਲਾ ਪਿਆਜ਼ ਵੇਚਿਆ ਜਾ ਰਿਹਾ ਹੈ। ਸਾਉਣੀ ਜਾਂ ਗਰਮੀਆਂ ਦੀ ਫਸਲ ਨਵੰਬਰ ਤੋਂ ਬਾਜ਼ਾਰ 'ਚ ਆਵੇਗੀ ਤੇ ਇਨ੍ਹਾਂ ਦੀ ਕੀਮਤਾਂ 'ਚ ਗਿਰਾਵਟ ਹੋਵੇਗੀ।


Related News