ਤਿਓਹਾਰਾਂ ਤੋਂ ਪਹਿਲਾਂ ਸੇਬ ਤੋਂ ਮਹਿੰਗਾ ਹੋਇਆ ਪਿਆਜ਼, ਜਲਦ ਵਿਦੇਸ਼ਾਂ ਤੋਂ ਵਧੇਗੀ ਦਰਾਮਦ

09/25/2019 4:48:53 PM

ਮੁੰਬਈ — ਅਮੀਰਾਂ ਦੇ ਘਰਾਂ ਦੀ ਸ਼ਾਨ ਸਮਝੇ ਜਾਂਦੇ ਫਲਾਂ 'ਤੇ ਪਿਆਜ ਇਸ ਸਮੇਂ ਭਾਰੀ ਪੈ ਰਿਹਾ ਹੈ। ਪਹਿਲਾਂ ਜਿਥੇ ਫਲ ਕਿਸੇ ਗਰੀਬ ਨੂੰ ਕਦੇ-ਕਦੇ ਹੀ ਨਸੀਬ ਹੁੰਦੇ ਸਨ ਹੁਣ ਪਿਆਜ਼ ਵੀ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੋ ਗਏ ਹਨ। ਲਗਾਤਾਰ ਵਧ ਰਹੀਆਂ ਪਿਆਜ਼ ਦੀਆਂ ਕੀਮਤਾਂ ਨੇ ਅਮੀਰਾਂ ਦੀ ਰਸੌਈ ਦਾ ਬਜਟ ਵੀ ਵਿਗਾੜ ਦਿੱਤਾ ਹੈ। ਬਜ਼ਾਰ 'ਚ ਪਿਆਜ਼ ਸੇਬ ਨਾਲੋਂ ਜ਼ਿਆਦਾ ਮਹਿੰਗਾ ਮਿਲ ਰਿਹਾ ਹੈ। 100 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਸੇਬ ਇਸ ਸਮੇਂ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਦੂਜੇ ਪਾਸੇ 15-20 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ ਹੁਣ 80 ਰੁਪਏ ਕਿਲੋ ਹੋ ਗਿਆ ਹੈ। ਕਈ ਸਾਲਾਂ ਬਾਅਦ ਪਿਆਜ਼ ਦੀਆਂ ਕੀਮਤਾਂ 'ਚ ਇੰਨਾ ਵੱਡਾ ਉਛਾਲ ਦੇਖਿਆ ਗਿਆ ਹੈ।

ਸਰਕਾਰ ਕਰ ਰਹੀ ਕੋਸ਼ਿਸ਼

ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰੀ ਕੰਪਨੀ MMTC ਚੀਨ, ਈਜਿਪਟ ਅਤੇ ਰੂਸ ਕੋਲੋਂ ਪਿਆਜ਼ ਆਯਾਤ ਕਰਨ 'ਤੇ ਵਿਚਾਰ ਕਰ ਰਹੀ ਹੈ। ਟ੍ਰੇਡਰਸ ਨੇ ਦੱਸਿਆ ਕਿ ਦਿੱਲੀ 'ਚ ਥੋਕ ਭਾਅ ਦੁੱਗਣਾ ਵਧ ਕੇ 40 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਸਰਕਾਰੀ ਏਜੰਸੀ NAFED ਰੋਜ਼ਾਨਾ 400-500 ਟਨ ਪਿਆਜ਼ ਬਜ਼ਾਰ 'ਚ ਉਤਾਰ ਰਹੀ ਹੈ। ਇਸ ਦੇ ਬਾਵਜੂਦ ਦੇਸ਼ ਦੇ ਹੋਰ ਹਿੱਸਿਆਂ 'ਚ ਕੀਮਤਾਂ ਇਸੇ ਦਰ ਨਾਲ ਚਲ ਰਹੀਆਂ ਹਨ।

ਦਿੱਲੀ ਦੇ ਆਜ਼ਾਦਪੁਰ ਮੰਡੀ ਦੇ ਪਿਆਜ਼ ਵਪਾਰੀਆਂ ਨੇ ਅਫਗਾਨੀਸਤਾਨ ਤੋਂ ਪਿਆਜ਼ ਮੰਗਵਾਣਾਂ ਸ਼ੁਰੂ ਵੀ ਕਰ ਦਿੱਤਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਅਟਾਰੀ ਬਾਰਡਰ ਦੇ ਰਸਤੇ ਅਫਗਾਨੀਸਤਾਨ ਤੋਂ ਮੰਗਲਵਾਰ ਨੂੰ 4 ਟਰੱਕ ਪਿਆਜ਼ ਮੰਗਵਾਏ ਸਨ। ਆਉਣ ਵਾਲੇ ਦਿਨਾਂ 'ਚ ਪਿਆਜ਼ ਦੀ ਆਮਦ ਹੋਰ ਵਧੇਗੀ। ਇਸ ਨਾਲ ਰਿਟੇਲ ਮਾਰਕਿਟ 'ਚ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਆਵੇਗੀ।


Related News