ONGC ਦਾ Q1 ਸ਼ੁੱਧ ਮੁਨਾਫਾ 772 ਫ਼ੀਸਦੀ ਵੱਧ ਕੇ 4,335 ਕਰੋੜ ਰੁਪਏ ''ਤੇ
Saturday, Aug 14, 2021 - 02:16 PM (IST)
ਨਵੀਂ ਦਿੱਲੀ- ਜਨਤਕ ਖੇਤਰ ਦੀ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਦਾ ਸ਼ੁੱਧ ਮੁਨਾਫਾ ਜੂਨ ਵਿੱਚ ਖਤਮ ਹੋਏ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਲਗਭਗ 800 ਫ਼ੀਸਦੀ ਵਧਿਆ ਹੈ। ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਤਪਾਦਨ ਵਿਚ ਗਿਰਾਵਟ ਦੀ ਭਰਪਾਈ ਤੇਲ ਦੀਆਂ ਕੀਮਤਾਂ ਦੇ ਲਗਭਗ ਦੁੱਗਣੀਆਂ ਹੋਣ ਨਾਲ ਹੋ ਗਈ।
ਕੰਪਨੀ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅਪ੍ਰੈਲ-ਜੂਨ ਤਿਮਾਹੀ ਵਿਚ ਉਸ ਦਾ ਸ਼ੁੱਧ ਮੁਨਾਫਾ 772.2 ਫੀਸਦੀ ਵੱਧ ਕੇ 4,335 ਕਰੋੜ ਰੁਪਏ 'ਤੇ ਪਹੁੰਚ ਗਿਆ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਇਹ 497 ਕਰੋੜ ਰੁਪਏ ਸੀ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਕੋਵਿਡ-19 ਕਾਰਨ ਲਾਗੂ ਕੀਤੀ ਗਈ ਤਾਲਾਬੰਦੀ ਕਾਰਨ ਮੰਗ ਵਿਚ ਗਿਰਾਵਟ ਆਈ ਸੀ, ਜਿਸ ਨਾਲ ਕੰਪਨੀ ਦੇ ਮੁਨਾਫੇ 'ਤੇ ਅਸਰ ਪਿਆ ਸੀ।
ਤਿਮਾਹੀ ਦੌਰਾਨ ਓ. ਐੱਨ. ਜੀ. ਸੀ. ਨੇ ਆਪਣੇ ਵੱਲੋਂ ਉਤਪਾਦਿਤ ਹਰ ਬੈਰਲ ਕੱਚੇ ਤੇਲ ਦੀ ਵਿਕਰੀ 'ਤੇ 65.59 ਡਾਲਰ ਪ੍ਰਾਪਤ ਕੀਤੇ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ ਨੂੰ ਕੱਚੇ ਤੇਲ ਦੇ ਹਰੇਕ ਬੈਰਲ 'ਤੇ 28.87 ਡਾਲਰ ਪ੍ਰਾਪਤ ਹੋਏ ਸਨ। ਤਿਮਾਹੀ ਦੌਰਾਨ ਗੈਸ ਦੀ ਕੀਮਤ 1.79 ਡਾਲਰ ਪ੍ਰਤੀ ਯੂਨਿਟ ਰਹੀ। ਇਸ ਮਿਆਦ ਦੌਰਾਨ, ਕੰਪਨੀ ਦੇ ਕੱਚੇ ਤੇਲ ਦਾ ਉਤਪਾਦਨ ਲਗਭਗ ਪੰਜ ਫ਼ੀਸਦੀ ਘੱਟ ਕੇ 54 ਲੱਖ ਟਨ ਰਿਹਾ। ਉੱਥੇ ਹੀ, ਕੁਦਰਤੀ ਗੈਸ ਦਾ ਉਤਪਾਦਨ 4.3 ਫ਼ੀਸਦੀ ਯਾਨੀ 5.3 ਅਰਬ ਘਣ ਮੀਟਰ ਘੱਟ ਰਿਹਾ। ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨੀ 77 ਫ਼ੀਸਦੀ ਵੱਧ ਕੇ 23,022 ਕਰੋੜ ਰੁਪਏ 'ਤੇ ਪਹੁੰਚ ਗਈ।