EPFO ਦੇ ਨਵੇਂ ਮੈਂਬਰਾਂ ਦੀ ਗਿਣਤੀ ਅਗਸਤ ’ਚ 9.07 ਫੀਸਦੀ ਵਧ ਕੇ 18.53 ਲੱਖ ਹੋਈ

Monday, Oct 21, 2024 - 03:54 PM (IST)

EPFO ਦੇ ਨਵੇਂ ਮੈਂਬਰਾਂ ਦੀ ਗਿਣਤੀ ਅਗਸਤ ’ਚ 9.07 ਫੀਸਦੀ ਵਧ ਕੇ 18.53 ਲੱਖ ਹੋਈ

ਨਵੀਂ ਦਿੱਲੀ (ਭਾਸ਼ਾ) - ਰਿਟਾਇਰਮੈਂਟ ਫੰਡ ਬਾਡੀ ਈ. ਪੀ. ਐੱਫ. ਓ. ਦੇ ਨਵੇਂ ਮੈਂਬਰਾਂ ਦੀ ਗਿਣਤੀ ਅਗਸਤ ’ਚ ਸਾਲਾਨਾ ਆਧਾਰ ’ਤੇ 9.07 ਫੀਸਦੀ ਵਧ ਕੇ 18.53 ਲੱਖ ਹੋ ਗਈ ਹੈ। ਐਤਵਾਰ ਨੂੰ ਜਾਰੀ ਪੈਰੋਲ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਕਿਰਤ ਮੰਤਰਾਲਾ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਈ. ਪੀ. ਐੱਫ. ਓ. ਨੇ ਅਗਸਤ 2024 ’ਚ ਲੱਗਭਗ 9.30 ਲੱਖ ਨਵੇਂ ਮੈਂਬਰਾਂ ਨੂੰ ਜੋੜਿਆ, ਜੋ ਅਗਸਤ, 2023 ਤੋਂ 0.48 ਫੀਸਦੀ ਦਾ ਵਾਧਾ ਹੈ। ਇਸ ’ਚ ਕਿਹਾ ਗਿਆ ਹੈ ਕਿ ਨਵੇਂ ਮੈਂਬਰਾਂ ’ਚ ਇਹ ਉਛਾਲ ਰੋਜ਼ਗਾਰ ਦੇ ਵਧਦੇ ਮੌਕਿਆਂ, ਕਰਮਚਾਰੀ ਲਾਭਾਂ ਬਾਰੇ ਵਧਦੀ ਜਾਗਰੂਕਤਾ ਅਤੇ ਈ. ਪੀ. ਐੱਫ. ਓ. ਦੇ ਸਫਲ ਪਹੁੰਚ ਪ੍ਰੋਗਰਾਮਾਂ ਕਾਰਨ ਹੈ।

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਵੱਲੋਂ ਜਾਰੀ ਅਗਸਤ, 2024 ਦੇ ਅਸਥਾਈ ਪੈਰੋਲ ਅੰਕੜਿਆਂ ਅਨੁਸਾਰ, ਅਗਸਤ 2024 ’ਚ 18.53 ਲੱਖ ਮੈਂਬਰਾਂ ਦਾ ਸ਼ੁੱਧ ਵਾਧਾ ਹੋਇਆ, ਜੋ ਸਾਲਾਨਾ 9.07 ਫੀਸਦੀ ਦਾ ਵਾਧਾ ਹੈ। ਅੰਕੜਿਆਂ ਦਾ ਇਕ ਜ਼ਿਕਰਯੋਗ ਪਹਿਲੂ 18-25 ਉਮਰ ਵਰਗ ਦਾ ਦਬਦਬਾ ਹੈ, ਜੋ ਅਗਸਤ, 2024 ’ਚ ਕੁਲ ਨਵੇਂ ਮੈਂਬਰ ਜੁਡ਼ਨ ਦਾ 59.26 ਫੀਸਦੀ ਹੈ। ਇਸ ਤੋਂ ਇਲਾਵਾ, ਅਗਸਤ, 2024 ਲਈ 18-25 ਉਮਰ ਵਰਗ ਲਈ ਸ਼ੁੱਧ ਪੈਰੋਲ ਡਾਟਾ 8.06 ਲੱਖ ਸੀ। ਪੈਰੋਲ ਡਾਟਾ ਤੋਂ ਪਤਾ ਚੱਲਦਾ ਹੈ ਕਿ ਲੱਗਭਗ 13.54 ਲੱਖ ਮੈਂਬਰ ਈ. ਪੀ. ਐੱਫ. ਓ. ਤੋਂ ਬਾਹਰ ਨਿਕਲ ਗਏ ਅਤੇ ਫਿਰ ਇਸ ’ਚ ਸ਼ਾਮਲ ਹੋ ਗਏ।

ਇਹ ਅੰਕੜਾ ਸਾਲ-ਦਰ-ਸਾਲ 14.03 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਇਨ੍ਹਾਂ ਮੈਂਬਰਾਂ ਨੇ ਆਪਣੀ ਨੌਕਰੀ ਬਦਲ ਲਈ ਅਤੇ ਈ. ਪੀ. ਐੱਫ. ਓ. ਦੇ ਘੇਰੇ ’ਚ ਆਉਣ ਵਾਲੇ ਅਦਾਰਿਆਂ ’ਚ ਫਿਰ ਤੋਂ ਸ਼ਾਮਲ ਹੋ ਗਏ।

ਪੈਰੋਲ ਡਾਟਾ ਦੇ ਲਿੰਗ-ਵਾਰ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਮਹੀਨੇ ਦੌਰਾਨ ਜੋਡ਼ੇ ਗਏ ਨਵੇਂ ਮੈਂਬਰਾਂ ’ਚੋਂ ਲੱਗਭਗ 2.53 ਲੱਖ ਨਵੀਆਂ ਮਹਿਲਾ ਮੈਂਬਰਾਂ ਹਨ। ਇਹ ਅੰਕੜਾ ਸਾਲਾਨਾ 3.75 ਫੀਸਦੀ ਦਾ ਵਾਧਾ ਹੈ। ਇਸ ਤੋਂ ਇਲਾਵਾ, ਸਮੀਖਿਆ ਅਧੀਨ ਮਹੀਨੇ ਦੌਰਾਨ ਸ਼ੁੱਧ ਮਹਿਲਾ ਮੈਂਬਰ ਵਾਧਾ ਲੱਗਭਗ 3.79 ਲੱਖ ਰਿਹਾ। ਇਹ ਸਾਲ-ਦਰ-ਸਾਲ 10.41 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।


author

Harinder Kaur

Content Editor

Related News