ਛੋਟੇ ਵਪਾਰੀਆਂ ਤੇ ਰੈਸਟੋਰੈਂਟ ਮਾਲਕਾਂ ਲਈ ਵੱਡੀ ਰਾਹਤ! ਸਾਰੇ ਸੂਬਿਆਂ ਲਈ ਵਧਿਆ 10 ਫੀਸਦੀ ਵਪਾਰਕ LPG ਕੋਟਾ
Wednesday, Mar 18, 2026 - 05:34 PM (IST)
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਦੀ ਊਰਜਾ ਸਪਲਾਈ ਤੇ ਰਸੋਈ ਗੈਸ ਦੀ ਵੰਡ ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਹਨ। ਅੰਤਰ-ਮੰਤਰਾਲਾ ਬ੍ਰੀਫਿੰਗ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਘਰੇਲੂ ਐੱਲ.ਪੀ.ਜੀ (LPG) ਤੇ ਪੀ.ਐੱਨ.ਜੀ (PNG) ਦੀ ਸਪਲਾਈ ਬਿਨਾਂ ਕਿਸੇ ਕਟੌਤੀ ਦੇ ਨਿਰੰਤਰ ਜਾਰੀ ਹੈ।
ਵਪਾਰਕ ਸਿਲੰਡਰਾਂ 'ਤੇ ਵੱਡਾ ਫੈਸਲਾ
ਸਰਕਾਰ ਨੇ ਹੁਣ ਸਾਰੇ ਰਾਜਾਂ ਨੂੰ ਵਪਾਰਕ ਐੱਲ.ਪੀ.ਜੀ. ਕੋਟੇ 'ਚ 10 ਫੀਸਦੀ ਵਾਧਾ ਦੇਣ ਦਾ ਫੈਸਲਾ ਕੀਤਾ ਹੈ। ਇਹ ਕਦਮ ਵਿਸ਼ੇਸ਼ ਤੌਰ 'ਤੇ ਛੋਟੇ ਵਪਾਰੀਆਂ ਅਤੇ ਰੈਸਟੋਰੈਂਟ ਮਾਲਕਾਂ ਲਈ ਫਾਇਦੇਮੰਦ ਸਾਬਤ ਹੋਵੇਗਾ, ਜਿਨ੍ਹਾਂ ਨੂੰ ਤਿਉਹਾਰਾਂ ਦੇ ਸੀਜ਼ਨ ਜਾਂ ਮੰਗ ਵਧਣ 'ਤੇ ਗੈਸ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਸੀ। ਫਿਲਹਾਲ ਸਾਰੇ ਰਾਜਾਂ ਨੂੰ ਵਪਾਰਕ ਐੱਲ.ਪੀ.ਜੀ. ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਕੀਤੀ ਜਾ ਰਹੀ ਹੈ।
ਉਤਪਾਦਨ 'ਚ ਵਾਧਾ ਅਤੇ PNG ਦੀ ਵਰਤੋਂ 'ਤੇ ਜ਼ੋਰ
ਸਰਕਾਰ ਲਈ ਰਾਹਤ ਦੀ ਖਬਰ ਇਹ ਹੈ ਕਿ ਘਰੇਲੂ ਐੱਲ.ਪੀ.ਜੀ. ਉਤਪਾਦਨ 'ਚ 40 ਫੀਸਦੀ ਦਾ ਵੱਡਾ ਉਛਾਲ ਦਰਜ ਕੀਤਾ ਗਿਆ ਹੈ। ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਗਲੋਬਲ ਅਤੇ ਘਰੇਲੂ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਇਸ ਦੇ ਮੱਦੇਨਜ਼ਰ, ਸਰਕਾਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਖੇਤਰਾਂ ਵਿੱਚ ਪੀ.ਐੱਨ.ਜੀ. (Piped Natural Gas) ਦੀ ਸਹੂਲਤ ਹੈ, ਉੱਥੇ ਗਾਹਕ ਐੱਲ.ਪੀ.ਜੀ. ਸਿਲੰਡਰ ਛੱਡ ਕੇ ਪੀ.ਐੱਨ.ਜੀ. 'ਤੇ ਸ਼ਿਫਟ ਹੋਣ। ਇਹ ਨਾ ਸਿਰਫ ਵੰਡ ਪ੍ਰਣਾਲੀ 'ਤੇ ਦਬਾਅ ਘਟਾਏਗਾ, ਬਲਕਿ ਵਧੇਰੇ ਸੁਰੱਖਿਅਤ ਅਤੇ ਸੁਵਿਧਾਜਨਕ ਵੀ ਹੈ।
ਡਿਜੀਟਲ ਬੁਕਿੰਗ ਤੇ ਕਾਲਾਬਾਜ਼ਾਰੀ ਵਿਰੁੱਧ ਸਖ਼ਤੀ
ਬ੍ਰੀਫਿੰਗ 'ਚ ਦੱਸਿਆ ਗਿਆ ਕਿ ਅੱਜ ਕੁੱਲ ਐੱਲ.ਪੀ.ਜੀ. ਬੁਕਿੰਗ ਦਾ 93 ਫੀਸਦੀ ਹਿੱਸਾ ਆਨਲਾਈਨ ਮਾਧਿਅਮ ਰਾਹੀਂ ਪੂਰਾ ਹੋ ਰਿਹਾ ਹੈ। ਸਰਕਾਰ ਨੇ ਲੋਕਾਂ ਨੂੰ ਗੈਸ ਏਜੰਸੀਆਂ 'ਤੇ ਖੁਦ ਜਾਣ ਦੀ ਬਜਾਏ ਅਧਿਕਾਰਤ ਪੋਰਟਲ ਜਾਂ ਐਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਅਤੇ ਅਫਵਾਹਾਂ ਤੋਂ ਬਚਣ ਲਈ ਕਿਹਾ ਹੈ। ਪਾਰਦਰਸ਼ਤਾ ਯਕੀਨੀ ਬਣਾਉਣ ਲਈ, ਸਰਕਾਰ ਨੇ ਦੇਸ਼ ਭਰ ਦੇ 2300 ਐੱਲ.ਪੀ.ਜੀ. ਰਿਟੇਲ ਆਊਟਲੈਟਸ 'ਤੇ ਅਚਨਚੇਤ ਛਾਪੇਮਾਰੀ ਕੀਤੀ ਹੈ ਤਾਂ ਜੋ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇ।
ਸਪਲਾਈ ਦੀ ਸਥਿਤੀ ਤੇ ਅੰਤਰਰਾਸ਼ਟਰੀ ਸੰਦਰਭ
ਮੰਤਰਾਲਾ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ, ਐੱਲ.ਪੀ.ਜੀ. ਕੈਰੀਅਰ 'ਨੰਦਾਦੇਵੀ' ਅਤੇ 'ਸ਼ਿਵਾਲਿਕ' ਤੋਂ ਗੈਸ ਉਤਾਰਨ ਦੀ ਪ੍ਰਕਿਰਿਆ ਜਾਰੀ ਹੈ ਤੇ ਕਿਸੇ ਵੀ ਬੰਦਰਗਾਹ 'ਤੇ ਕੋਈ ਭੀੜ (Congestion) ਨਹੀਂ ਹੈ। ਦੂਜੇ ਪਾਸੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਯੂ.ਏ.ਈ. (UAE) ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰ ਕੇ ਉੱਥੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ। ਨਾਲ ਹੀ, ਤੇਹਰਾਨ ਸਥਿਤ ਭਾਰਤੀ ਦੂਤਾਵਾਸ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
