ਘਰੇਲੂ ਉਡਾਣਾਂ ਦੇ ਹਵਾਈ ਮੁਸਾਫਰਾਂ ਦੀ ਗਿਣਤੀ ਜੂਨ ''ਚ 18.78 ਫ਼ੀਸਦੀ ਵਧ ਕੇ 1.25 ਕਰੋੜ ’ਤੇ ਪਹੁੰਚੀ

Friday, Jul 14, 2023 - 10:17 AM (IST)

ਘਰੇਲੂ ਉਡਾਣਾਂ ਦੇ ਹਵਾਈ ਮੁਸਾਫਰਾਂ ਦੀ ਗਿਣਤੀ ਜੂਨ ''ਚ 18.78 ਫ਼ੀਸਦੀ ਵਧ ਕੇ 1.25 ਕਰੋੜ ’ਤੇ ਪਹੁੰਚੀ

ਮੁੰਬਈ (ਭਾਸ਼ਾ)- ਦੇਸ਼ ’ਚ ਘਰੇਲੂ ਉਡਾਣਾਂ ਦੇ ਹਵਾਈ ਮੁਸਾਫਰਾਂ ਦੀ ਗਿਣਤੀ ਜੂਨ ’ਚ ਸਾਲਾਨਾ ਆਧਾਰ ’ਤੇ 18.78 ਫ਼ੀਸਦੀ ਵਧ ਕੇ ਲਗਭਗ 1.25 ਕਰੋੜ ’ਤੇ ਪਹੁੰਚ ਗਈ। ਵੀਰਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਸਤੀਆਂ ਸੇਵਾਵਾਂ ਦੇਣ ਵਾਲੀ ਸੇਵਾ ਗੋ-ਫਸਟ ਦਾ ਸੰਚਾਲਨ ‘ਬੰਦ’ ਹੋਣ ਦੌਰਾਨ ਜੂਨ ’ਚ ਇੰਡੀਗੋ, ਏਅਰ ਇੰਡੀਆ, ਵਿਸਤਾਰਾ, ਏਅਰ ਏਸ਼ੀਆ ਇੰਡੀਆ ਅਤੇ ਆਕਾਸਾ ਏਅਰ ਦੀ ਬਾਜ਼ਾਰ ਹਿੱਸੇਦਾਰੀ ਵੱਧ ਗਈ। ਹਾਲਾਂਕਿ, ਸਪਾਈਸਜੈੱਟ ਦੀ ਬਾਜ਼ਾਰ ਹਿੱਸੇਦਾਰੀ ’ਚ ਗਿਰਾਵਟ ਜਾਰੀ ਹੈ। ਜੂਨ ’ਚ ਸਪਾਈਸਜੈੱਟ ਦੀ ਬਾਜ਼ਾਰ ਹਿੱਸੇਦਾਰੀ ਡਿੱਗ ਕੇ 4.4 ਫ਼ੀਸਦੀ ਰਹਿ ਗਈ, ਜੋ ਇਸ ਸਾਲ ਜਨਵਰੀ ’ਚ 7.3 ਫ਼ੀਸਦੀ ਸੀ।

ਅੰਕੜਿਆਂ ਅਨੁਸਾਰ ਜੂਨ ’ਚ ਘਰੇਲੂ ਉਡਾਣਾਂ ਰਾਹੀਂ 124.87 ਲੱਖ ਲੋਕਾਂ ਨੇ ਯਾਤਰਾ ਕੀਤੀ, ਜਦੋਂਕਿ 2022 ’ਚ ਇਸੇ ਮਿਆਦ ’ਚ ਇਹ ਅੰਕੜਾ 105.12 ਲੱਖ ਦਾ ਰਿਹਾ ਸੀ। ਇੰਡੀਗੋ ਰਾਹੀਂ ਜੂਨ ’ਚ 79 ਲੱਖ ਲੋਕਾਂ ਨੇ ਯਾਤਰਾ ਕੀਤੀ, ਜਿਸ ਤੋਂ ਬਾਅਦ ਇਸ ਦੀ ਬਾਜ਼ਾਰ ਹਿੱਸੇਦਾਰੀ ਮਈ ਦੇ 61.4 ਫ਼ੀਸਦੀ ਤੋਂ ਵਧ ਕੇ 63.2 ਫ਼ੀਸਦੀ ਹੋ ਗਈ। ਟਾਟਾ ਸਮੂਹ ਦੀਆਂ ਏਅਰਲਾਈਨ ਕੰਪਨੀਆਂ-ਏਅਰ ਇੰਡੀਆ ਵੱਲੋਂ 12.37 ਲੱਖ ਅਤੇ ਏਅਰਏਸ਼ੀਆ ਇੰਡੀਆ (ਹੁਣ ਏ. ਆਈ. ਐੱਕਸ ਕੁਨੈਕਟ) ਤੋਂ 10.4 ਲੋਕਾਂ ਨੇ ਜੂਨ ’ਚ ਯਾਤਰਾ ਕੀਤੀ। ਏਅਰ ਇੰਡੀਆ ਦੀ ਬਾਜ਼ਾਰ ਹਿੱਸੇਦਾਰੀ 9.7 ਫ਼ੀਸਦੀ ਤਾਂ ਏਅਰਏਸ਼ੀਆ ਇੰਡੀਆ ਦੀ ਹਿੱਸੇਦਾਰੀ 8 ਫ਼ੀਸਦੀ ਰਹੀ। ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਸਾਂਝੇ ਅਦਾਰੇ ਵਿਸਤਾਰਾ ਦੀ ਬਾਜ਼ਾਰ ਹਿੱਸੇਦਾਰੀ ਜੂਨ ’ਚ 8.1 ਫ਼ੀਸਦੀ ਰਹੀ। 

ਵਿਸਤਾਰਾ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ 10.11 ਲੱਖ ਰਹੀ। ਪਿਛਲੇ ਸਾਲ ਅਗਸਤ ’ਚ ਸ਼ੁਰੂ ਹੋਈ ਆਕਾਸਾ ਏਅਰ ਦੀ ਬਾਜ਼ਾਰ ਹਿੱਸੇਦਾਰੀ ਜੂਨ ’ਚ 4.9 ਫ਼ੀਸਦੀ ਰਹੀ ਅਤੇ ਇਸ ਤੋਂ 6.18 ਲੱਖ ਲੋਕਾਂ ਨੇ ਯਾਤਰਾ ਕੀਤੀ। ਡੀ. ਜੀ. ਸੀ. ਏ. ਦੀ ਨਿਗਰਾਨੀ ’ਚ ਚੱਲ ਰਹੀ ਸਪਾਈਸਜੈੱਟ ਤੋਂ ਜੂਨ ’ਚ 5.55 ਲੱਖ ਲੋਕਾਂ ਨੇ ਯਾਤਰਾ ਕੀਤੀ ਅਤੇ ਇਸ ਦੀ ਬਾਜ਼ਾਰ ਹਿੱਸੇਦਾਰੀ 4.4 ਫ਼ੀਸਦੀ ਰਹੀ। ਸਮੇਂ ’ਤੇ ਸੰਚਾਲਨ ਪ੍ਰਦਰਸ਼ਨ (ਓ. ਟੀ. ਪੀ.) ਦੇ ਮਾਮਲੇ ’ਚ ਜੂਨ ’ਚ 88.3 ਫ਼ੀਸਦੀ ਦੇ ਨਾਲ ਸਭ ਤੋਂ ਅੱਗੇ ਵਿਸਤਾਰਾ ਰਹੀ, ਜਿਸ ਤੋਂ ਬਾਅਦ 87.6 ਫ਼ੀਸਦੀ ਦੇ ਨਾਲ ਇੰਡੀਗੋ ਅਤੇ ਆਕਾਸਾ ਏਅਰ ਰਹੀਆਂ।


author

rajwinder kaur

Content Editor

Related News