ਹਵਾਈ ਯਾਤਰੀਆਂ ਦੀ ਗਿਣਤੀ ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ 78 ਹਜ਼ਾਰ ਤੋਂ ਪਾਰ

07/06/2020 1:26:55 PM

ਨਵੀਂ ਦਿੱਲੀ— ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਐਤਵਾਰ ਨੂੰ ਪਹਿਲੀ ਵਾਰ ਤਾਲਾਬੰਦੀ ਤੋਂ ਬਾਅਦ 78 ਹਜ਼ਾਰ ਤੋਂ ਪਾਰ ਪਹੁੰਚ ਗਈ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦੱਸਿਆ ਕਿ 05 ਜੁਲਾਈ ਨੂੰ ਵੱਖ-ਵੱਖ ਹਵਾਈ ਅੱਡਿਆਂ ਤੋਂ 817 ਉਡਾਣਾਂ ਰਵਾਨਾ ਹੋਈਆਂ, ਜਿਸ ਵਿਚ 78,614 ਯਾਤਰੀਆਂ ਨੇ ਉਡਾਣ ਭਰੀ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ, ਹਵਾਈ ਜਹਾਜ਼ਾਂ ਨੂੰ ਦੋ ਮਹੀਨਿਆਂ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਯਾਤਰੀਆਂ ਦੀ ਗਿਣਤੀ 78 ਹਜ਼ਾਰ ਨੂੰ ਪਾਰ ਕੀਤੀ ਹੈ, ਨਾਲ ਹੀ, ਉਡਾਣਾਂ ਦੀ ਗਿਣਤੀ ਵੀ ਦੂਜੀ ਵਾਰ ਅੱਠ ਸੌ ਤੋਂ ਪਾਰ ਹੋ ਗਈ ਹੈ।

ਪੁਰੀ ਨੇ ਇਕ ਟਵੀਟ ਵਿਚ ਲਿਖਿਆ, ''ਹਵਾਈ ਯਾਤਰੀਆਂ ਦੀ ਗਿਣਤੀ 78 ਹਜ਼ਾਰ ਨੂੰ ਪਾਰ ਕਰ ਗਈ ਹੈ। ਸਾਡਾ ਘਰੇਲੂ ਸੰਚਾਲਨ ਤਾਕਤ ਅਤੇ ਸਥਿਰਤਾ ਨਾਲ ਵੱਧ ਰਿਹਾ ਹੈ।”ਕੋਵਿਡ-19 ਦੇ ਕਾਰਨ ਦੇਸ਼ ਵਿਚ ਨਿਯਮਤ ਯਾਤਰੀ ਜਹਾਜ਼ ਸੇਵਾ 25 ਮਾਰਚ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਦੋ ਮਹੀਨਿਆਂ ਬਾਅਦ ਘਰੇਲੂ ਉਡਾਣ ਸੇਵਾਵਾਂ 25 ਮਈ ਤੋਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਦੋਂ ਕਿ ਕੌਮਾਂਤਰੀ ਮਾਰਗਾਂ 'ਤੇ ਨਿਯਮਤ ਯਾਤਰੀ ਉਡਾਣਾਂ ਅਜੇ ਵੀ ਬੰਦ ਹਨ। ਇਸ ਸਮੇਂ ਸੀਮਤ ਗਿਣਤੀ ਵਿਚ ਘਰੇਲੂ ਉਡਾਣਾਂ ਚੱਲ ਰਹੀਆਂ ਹਨ। ਮਹਾਮਾਰੀ ਨਾਲ ਨਜਿੱਠਣ ਲਈ ਸੂਬਿਆਂ ਦੀ ਵਧਦੀ ਸਮਰੱਥਾ ਨਾਲ ਇਨ੍ਹਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਹੈ।


Sanjeev

Content Editor

Related News