ਹੁਣ ਕਿਸੇ ਸਮੇਂ ਵੀ ਭੇਜ ਸਕਦੇ ਹੋ ਮੋਟੀ ਰਕਮ, 24 ਘੰਟੇ ਖੁੱਲ੍ਹੀ ਰਹੇਗੀ RTGS ਦੀ ਸਹੂਲਤ

Saturday, Oct 10, 2020 - 01:01 AM (IST)

ਮੁੰਬਈ –ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪੁਨਰਗਠਿਤ ਮੁਦਰਾ ਨੀਤੀ ਕਮੇਟੀ ਦੀ 3 ਦਿਨਾਂ ਪਹਿਲੀ ਬੈਠਕ ਤੋਂ ਬਾਅਦ ਜਾਰੀ ਸਮੀਖਿਆ ਰਿਪੋਰਟ ‘ਚ ਕਿਹਾ ਕਿ ਵੱਡੀ ਰਾਸ਼ੀ ਦੇ ਟ੍ਰਾਂਸਫਰ ਲਈ ਭਾਰਤ ‘ਚ ਆਰ. ਟੀ. ਜੀ. ਐੱਸ. (ਭੁਗਤਾਨ ਲਈ ਤੁਰੰਤ ਨਿਪਟਾਰਾ) ਦੀ ਸਹੂਲਤ ਆਉਂਦੇ ਦਸੰਬਰ ਤੋਂ ਸ਼ੁਰੂ ਕਰ ਦਿੱਤੀ ਜਾਏਗੀ। ਇਸ ਨਾਲ ਭਾਰਤੀ ਵਿੱਤੀ ਬਾਜ਼ਾਰ ਨੂੰ ਕੌਮਾਂਤਰੀ ਬਾਜ਼ਾਰਾਂ ਦੇ ਨਾਲ ਏਕੀਕ੍ਰਿਤ ਕਰਨ ਦੇ ਯਤਨਾਂ ਨੂੰ ਮਦਦ ਮਿਲੇਗੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਕੌਮਾਂਤਰੀ ਪੱਧਰ ‘ਤੇ ਅਜਿਹੇ ਗਿਣੇ-ਚੁਣੇ ਦੇਸ਼ਾਂ ‘ਚ ਹੋਵੇਗਾ ਜਿਥੇ 24 ਘੰਟੇ, ਸੱਤ ਦਿਨ, 12 ਮਹੀਨਾ ਵੱਡੇ ਮੁੱਲ ਦੇ ਭੁਗਤਾਨਾਂ ਦੇ ਤੁਰੰਤ ਨਿਪਟਾਰੇ ਦੀ ਪ੍ਰਣਾਲੀ ਹੋਵੇਗੀ। ਇਹ ਸਹੂਲਤ ਦਸੰਬਰ 2020 ਤੋਂ ਪ੍ਰਭਾਵੀ ਹੋ ਜਾਏਗੀ।

ਆਰ. ਬੀ. ਆਈ. ਨੇ ਇਸ ਤੋਂ ਪਹਿਲਾਂ ਦਸੰਬਰ 2019 ‘ਚ ਐੱਨ. ਈ. ਐੱਫ. ਟੀ. ਪ੍ਰਣਾਲੀ (ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਸਿਸਟਮ) ਨੂੰ ਹਰ ਰੋਜ਼ 24 ਘੰਟੇ ਖੁੱਲ੍ਹਾ ਕੀਤਾ ਸੀ। ਰਿਪੋਰਟ ਮੁਤਾਬਕ ਐੱਨ. ਈ. ਐੱਫ. ਟੀ. ਉਸ ਸਮੇਂ ਤੋਂ 24 ਘੰਟੇ ਸੁਚਾਰੂ ਰੂਪ ਨਾਲ ਕੰਮ ਕਰ ਰਹੀ ਹੈ। ਆਰ. ਟੀ. ਜੀ. ਐੱਸ. ਹਾਲੇ ਸਿਰਫ ਬੈਂਕਾਂ ਦੇ ਸਾਰੇ ਕੰਮ ਦੇ ਦਿਨਾਂ ‘ਚ (ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ) ਸਵੇਰੇ ਸੱਤ ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਆਰ. ਬੀ. ਆਈ. ਨੇ ਕਿਹਾ ਕਿ ਆਰ. ਟੀ. ਜੀ. ਐੱਸ. ਦੇ 24 ਘੰਟੇ ਉਪਲੱਬਧ ਹੋਣ ਨਾਲ ਭਾਰਤੀ ਵਿੱਤੀ ਬਾਜ਼ਾਰ ਨੂੰ ਕੌਮਾਂਤਰੀ ਬਾਜ਼ਾਰ ਦੇ ਨਾਲ ਏਕੀਕ੍ਰਿਤ ਕਰਨ ਦੇ ਲਗਾਤਾਰ ਜਾਰੀ ਯਤਨਾਂ ਅਤੇ ਭਾਰਤ ‘ਚ ਕੌਮਾਂਤਰੀ ਵਿੱਤੀ ਕੇਂਦਰਾਂ ਦੇ ਵਿਕਾਸ ‘ਚ ਮਦਦ ਮਿਲੇਗੀ। ਇਸ ਨਾਲ ਭਾਰਤੀ ਕੰਪਨੀਆਂ ਅਤੇ ਸੰਸਥਾਵਾਂ ਨੂੰ ਭੁਗਤਾਨ ‘ਚ ਹੋਰ ਆਸਾਨੀ ਹੋਵੇਗੀ।

ਐੱਨ. ਈ. ਐੱਫ. ਟੀ. ਅਤੇ ਆਰ. ਟੀ. ਜੀ. ਐੱਸ. ‘ਤੇ ਨਹੀਂ ਲੱਗਦੀ ਫੀਸ
ਰਿਜ਼ਰਵ ਬੈਂਕ ਨੇ ਜੁਲਾਈ 2019 ਤੋਂ ਐੱਨ. ਈ. ਐੱਫ. ਟੀ. ਅਤੇ ਆਰ. ਟੀ. ਜੀ. ਐੱਸ. ਦੇ ਰਾਹੀਂ ਪੈਸਾ ਟ੍ਰਾਂਸਫਰ ‘ਤੇ ਫੀਸ ਲੈਣੀ ਬੰਦ ਕਰ ਦਿੱਤੀ ਸੀ। ਦੇਸ਼ ‘ਚ ਡਿਜੀਟਲ ਲੈਣ-ਦੇਣ ਨੂੰ ਬੜ੍ਹਾਵਾ ਦੇਣ ਲਈ ਇਹ ਕਦਮ ਚੁੱਕਿਆ ਗਿਆ। ਆਰ. ਟੀ. ਜੀ. ਐੱਸ. ਰਾਹੀਂ ਵੱਡੀ ਰਾਸ਼ੀ ਦੀ ਤੁਰੰਤ ਟ੍ਰਾਂਸਫਰ ਕੀਤੀ ਜਾਂਦੀ ਹੈ ਜਦੋਂ ਕਿ ਐੱਨ. ਈ. ਐੱਫ. ਟੀ. ਦਾ ਇਸਤੇਮਾਲ ਦੋ ਲੱਖ ਰੁਪਏ ਤੱਕ ਦੀ ਰਾਸ਼ੀ ਨੂੰ ਭੇਜਣ ਲਈ ਕੀਤਾ ਜਾਂਦਾ ਹੈ।

ਤੈਅ ਟੀਚੇ ਦੇ ਨੇੜੇ-ਤੇੜੇ ਰਹਿ ਸਕਦੀ ਹੈ ਪ੍ਰਚੂਨ ਮਹਿੰਗਾਈ
ਦਾਸ ਨੇ ਕਿਹਾ ਕਿ ਪ੍ਰਚੂਨ ਮਹਿੰਗਾਈ ਦੇ ਚਾਲੂ ਵਿੱਤੀ ਸਾਲ ਦੀ ਅੰਤਮ ਤਿਮਾਹੀ ਤੱਕ ਤੈਅ ਟੀਚੇ ਦੇ ਨੇੜੇ-ਤੇੜੇ ਰਹਿਣ ਦੀ ਉਮੀਦ ਹੈ। ਹਾਲਾਂਕਿ ਸਤੰਬਰ ਤਿਮਾਹੀ ਦੇ ਅੰਤ ਤੱਕ ਇਸ ਦੇ ਪ੍ਰਚੂਨ ਮਹਿੰਗਾਈ ਲਈ ਤੈਅ 6 ਫੀਸਦੀ ਦੀ ਉੱਪਰੀ ਸੀਮਾ ਤੋਂ ਉਪਰ 6.8 ਫੀਸਦੀ ਤੱਕ ਰਹਿਣ ਦਾ ਅਨੁਮਾਨ ਹੈ। ਸਰਕਾਰ ਵਲੋਂ ਮੁਦਰਾ ਨੀਤੀ ਕਮੇਟੀ ਨੂੰ ਪ੍ਰਚੂਨ ਮਹਿੰਗਾਈ ਨੂੰ 4 ਫੀਸਦੀ ਦੇ ਘੇਰੇ ‘ਚ ਰੱਖਣ ਦਾ ਟੀਚਾ ਤੈਅ ਕੀਤਾ ਗਿਆ ਹੈ, ਜਿਸ ‘ਚ 2 ਫੀਸਦੀ ਘਟ-ਵੱਧ ਦੀ ਗੁੰਜਾਇਸ਼ ਹੈ। ਰਿਜ਼ਰਵ ਬੈਂਕ ਨੇ ਨੀਤੀਗਤ ਬਿਆਨ ‘ਚ ਕਿਹਾ ਕਿ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਦੇ 2020-21 ਦੀ ਦੂਜੀ ਤਿਮਾਹੀ ‘ਚ 6.8 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਮੁਦਰਾ ਦੇ ਫੈਲਾਅ ਦੇ ਤੀਜੀ ਤਿਮਾਹੀ ‘ਚ 5.4 ਫੀਸਦੀ ਤੱਕ ਅਤੇ ਚੌਥੀ ਤਿਮਾਹੀ ‘ਚ 4.5 ਫੀਸਦੀ ‘ਤੇ ਆ ਜਾਣ ਦਾ ਅਨੁਮਾਨ ਹੈ।

1 ਲੱਖ ਕਰੋੜ ਰੁਪਏ ਦਾ ਹਮੇਸ਼ਾ ਉਪਲੱਬਧ ਟੀ. ਐੱਲ. ਟੀ. ਆਰ. ਓ. ਲਿਆਏਗਾ ਰਿਜ਼ਰਵ ਬੈਂਕ
ਆਰ. ਬੀ. ਆਈ. ਕਿਹਾ ਕਿ ਕਿ ਉਹ ਪ੍ਰਣਾਲੀ ‘ਚ ਲੋੜੀਂਦੀ ਤਰਲਤਾ ਯਕੀਨੀ ਕਰਨ ਲਈ ਇਕ ਲੱਖ ਕਰੋੜ ਰੁਪਏ ਦੀ ਹਮੇਸ਼ਾ ਉਪਲੱਬਧ ਮਿੱਥੀ ਲੰਮੀ ਮਿਆਦ ਦੀ ਰੇਪੋ ਆਪ੍ਰੇਟਿੰਗ ਕਰੇਗਾ। ਦਾਸ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਨੀਤੀਗਤ ਰੇਪੋ ਦਰ ਨਾਲ ਜੁੜੀਆਂ ਪਰਿਵਰਤਨਸ਼ੀਲ ਦਰਾਂ ‘ਤੇ 3 ਸਾਲ ਤੱਕ ਦੀ ਮੈਚਿਓਰਿਟੀ ਵਾਲੀਆਂ ਸਿਕਿਓਰਿਟੀਜ਼ ਨਾਲ 1 ਲੱਖ ਕਰੋੜ ਰੁਪਏ ਤੱਕ ਦਾ ਟੀ. ਐੱਲ. ਟੀ. ਆਰ. ਓ. (ਖੁੱਲ੍ਹੇ ਬਾਜ਼ਾਰ ‘ਚ ਖਰੀਦ-ਵਿਕਰੀ) ਲਿਆਂਦਾ ਜਾਵੇਗਾ। ਇਸ ਦੇ ਤਹਿਤ ਉਪਲਬਧ ਕੀਤੀ ਗਈ ਨਕਦੀ ਨੂੰ ਬੈਂਕ ਕਾਰਪੋਰੇਟ ਬਾਂਡ, ਕਮਰਸ਼ੀਅਲ ਦਸਤਾਵੇਜ਼, ਗੈਰ-ਬਦਲਵੇਂ ਡਿਬੈਂਚਰਾਂ (ਐੱਨ. ਸੀ. ਡੀ.) ਅਤੇ ਵਿਸ਼ੇਸ਼ ਖੇਤਰਾਂ ਦੇ ਬਾਡੀਜ਼ ਵਲੋਂ ਜਾਰੀ ਕਾਰਪੋਰੇਟ ਬਾਂਡ, ਕਮਰਸ਼ੀਅਲ ਦਸਤਾਵੇਜ਼ ਅਤੇ ਗੈਰ-ਬਦਲਵੇਂ ਡਿਬੈਂਚਰਾਂ ‘ਚ ਲਗਾਇਆ ਜਾਏਗਾ।

20,000 ਕਰੋੜ ਰੁਪਏ ਦੇ ਓਪਨ ਮਾਰਕੀਟ ਆਪ੍ਰੇਸ਼ਨ ਦਾ ਐਲਾਨ
ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਅਰਥਵਿਵਸਥਾ ‘ਚ ਸਹੂਲਤ ਭਰਪੂਰ ਪੱਧਰ ‘ਤੇ ਨਕਦੀ ਬਣਾਏ ਰੱਖਣ ਲਈ ਆਰ. ਬੀ. ਆਈ. ਨੇ ਓਪਨ ਮਾਰਕੀਟ ਆਪ੍ਰੇਸ਼ਨਸ (ਓ. ਐੱਮ. ਓ.) ਦੇ ਤਹਿਤ 20,000 ਕਰੋੜ ਰੁਪਏ ਦੀਆਂ ਸਰਕਾਰੀ ਸਿਕਿਓਰਿਟੀਜ਼ ਦੀ ਖਰੀਦ-ਵਿਕਰੀ ਕਰਨ ਦਾ ਐਲਾਨ ਕੀਤਾ। ਓ. ਐੱਮ. ਓ. ਅਗਲੇ ਹਫਤੇ ਸੰਚਾਲਿਤ ਕੀਤਾ ਜਾਏਗਾ, ਹਾਲਾਂਕਿ ਇਸ ਲਈ ਹਾਲੇ ਤਰੀਕ ਤੈਅ ਨਹੀਂ ਹੋਈ ਹੈ। ਦਾਸ ਨੇ ਕਿਹਾ ਕਿ ਆਰ. ਬੀ. ਆਈ. ਸਹੂਲਤ ਭਰਪੂਰ ਪੱਧਰ ‘ਤੇ ਨਕਦੀ ਬਣਾਏ ਰੱਖੇਗਾ ਅਤੇ ਆਊਟਰਾਈਟ ਅਤੇ ਸਪੈਸ਼ਲ ਓਪਨ ਮਾਰਕੀਟ ਆਪ੍ਰੇਸ਼ਨਸ ਦੇ ਰੂਪ ‘ਚ ਮਾਰਕੀਟ ਆਪ੍ਰੇਸ਼ਨਸ ਨੂੰ ਸੰਚਾਲਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਤੋਂ ਮਿਲੇ ਫੀਡਬੈਕ ਨੂੰ ਦੇਖਦੇ ਹੋਏ ਇਨ੍ਹਾਂ ਨੀਲਾਮੀਆਂ ਦਾ ਆਕਾਰ ਵਧਾ ਕੇ 20,000 ਕਰੋੜ ਰੁਪਏ ਕੀਤਾ ਜਾਏਗਾ। ਉਮੀਦ ਹੈ ਕਿ ਬਾਜ਼ਾਰ ਦੇ ਮੁਕਾਬਲੇਬਾਜ਼ ਹਾਂਪੱਖੀ ਪ੍ਰਤੀਕਿਰਿਆ ਦਿਖਾਉਣਗੇ।


Karan Kumar

Content Editor

Related News