ਹੁਣ ਮਠਿਆਈਆਂ ਵੀ ਵੇਚੇਗਾ ਰਿਲਾਇੰਸ ਰਿਟੇਲ
Friday, Oct 21, 2022 - 05:37 PM (IST)
ਨਵੀਂ ਦਿੱਲੀ–ਤੇਲ, ਕੱਪੜੇ ਅਤੇ 5ਜੀ ਨੈੱਟਵਰਕ ਤੋਂ ਬਾਅਦ ਹੁਣ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀ ਮਿਠਾਈਆਂ ਵੀ ਵੇਚਣ ਜਾ ਰਹੀ ਹੈ। ਰਿਲਾਇੰਸ ਰਿਟੇਲ ਦੀਆਂ ਦੁਕਾਨਾਂ ’ਤੇ ਤੁਹਾਨੂੰ ਦੇਸ਼ ਦੇ 50 ਸਭ ਤੋਂ ਲੋਕਪ੍ਰਿਯ ਹਲਵਾਈਆਂ ਦੀਆਂ ਪ੍ਰਸਿੱਧ ਮਠਿਆਈਅ ਖਰੀਦਣ ਨੂੰ ਮਿਲ ਜਾਣਗੀਆਂ। ਇਨ੍ਹਾਂ ਹਲਵਾਈਆਂ ’ਚ ਦਿੱਲੀ ਦੇ ਕਲੇਵਾ ਤੋਂ ਲੈ ਕੇ ਮੁੰਬਈ ਦੀ ਪ੍ਰਸਿੱਧ ਘਸੀਟਾਰਾਮ ਸ਼ਾਮਲ ਹਨ। ਇਸ ਦੇ ਨਾਲ ਹੀ ਕੰਪਨੀ ਨੇ ਚਾਕਲੇਟ ਵਾਂਗ ਮਠਿਆਈ ਅਤੇ ਲੱਡੂ ਦੇ ਛੋਟੇ ਪੈਕੇਟ ਬਣਾ ਕੇ ਵੇਚਣ ਦੀ ਵੀ ਯੋਜਨਾ ਬਣਾਈ ਹੈ।
ਜਾਣੋ ਕਿੱਥੋਂ-ਕਿੱਥੋਂ ਦਾ ਮਿਲੇਗਾ ਸਵਾਦ
ਰਿਲਾਇੰਸ ਰਿਟੇਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਪ੍ਰਚੂਨ ਕਰਿਆਨਾ) ਦਾਮੋਦਰ ਮੱਲ ਨੇ ਕਿਹਾ ਕਿ ਕੰਪਨੀ ਹੁਣ ਪ੍ਰਸਿੱਧ ਅਤੇ ਰਵਾਇਤੀ ਹਲਵਾਈਆਂ ਦੇ ਨਾਲ ਮਿਲ ਕੇ ਉਨ੍ਹਾਂ ਦੀਆਂ ਵਿਸ਼ੇਸ਼ ਮਠਿਆਈਆਂ ਨੂੰ ਦੇਸ਼ ਭਰ ’ਚ ਗਾਹਕਾਂ ਤੱਕ ਪਹੁੰਚਾਏਗੀ। ਕੰਪਨੀ ਮੁਤਾਬਕ ਰਿਲਾਇੰਸ ਰਿਟੇਲ ਦੀਆਂ ਦੁਕਾਨਾਂ ’ਤੇ ਹੁਣ ਮਸ਼ਹੂਰ ਮਠਿਆਈਆਂ ’ਚ ਕਲੇਵਾ ਦਾ ‘ਤਿਲ ਵੇਸਣ ਲੱਡੂ’,ਘਸੀਟਾਰਾਮ ਦਾ ‘ਮੁੰਬਈ ਹਲਵਾ’,ਪ੍ਰਭੂਜੀ ਦਾ ‘ਦਰਬੇਸ਼ ਲੱਡੂ ਅਤੇ ਮੇਥੀਦਾਣਾ ਲੱਡੂ’, ਦੁੱਧ ਮਿਸ਼ਠਾਨ ਭੰਡਾਰ ਦਾ ‘ਮਾਲਪੂੜਾ’, ਲਾਲ ਸਵੀਟਸ ਦਾ ‘ਮੈਸੂਰ ਪਾਕ’ ਅਤੇ ‘ਧਾਰਵਾੜ ਪੇੜਾ’ ਉਪਲਬਧ ਹੈ। ਤਾਮਿਲਨਾਡੂ ’ਚ ਵੀ ਮਿਲੇਗੀ ਬੰਗਾਲੀ ਮਿਠਾਈ
ਮੱਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਰਵਾਇਤੀ ਮਠਆਈਆਂ ਕਿਸੇ ਖਾਸ ਇਲਾਕੇ ’ਚ ਵਿਕਣ ਦੀ ਥਾਂ ਦੇਸ਼ ਦੇ ਹਰ ਕੋਨੇ ’ਚ ਪਹੁੰਚਣ। ਜਿਵੇਂ ਪੱਛਮੀ ਬੰਗਾਲ ਅਤੇ ਓਡਿਸ਼ਾ ਦਾ ਰੱਸਗੁੱਲਾ। ਇਸ ਦੀ ਪਹੁੰਚ ਹੁਣ ਤਾਮਿਲਨਾਡੂ ਦੇ ਗਾਹਕਾਂ ਤੱਕ ਵੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਗਾਹਕਾਂ ਨੂੰ ਬਿਲਕੁਲ ਤਾਜ਼ਾ ਮਠਿਆਈਆਂ ਮਿਲਣ, ਇਸ ਲਈ ਅਸੀਂ ਰਵਾਇਤੀ ਹਲਵਾਈਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।
4500 ਕਰੋੜ ਦਾ ਹੈ ਡੱਬਾਬੰਦ ਮਠਿਆਈ ਦਾ ਕਾਰੋਬਾਰ
ਉਦਯੋਗ ਦੇ ਅਨੁਮਾਨ ਮੁਤਾਬਕ ਮੌਜੂਦਾ ਸਮੇਂ ’ਚ ਭਾਰਤੀ ਰਵਾਇਤੀ ਡੱਬਾਬੰਦ ਮਠਿਆਈ ਬਾਜ਼ਾਰ ਲਗਭਗ 4500 ਕਰੋੜ ਰੁਪਏ ਦਾ ਹੈ ਅਤੇ ਅਗਲੇ 5 ਸਾਲਾਂ ’ਚ ਸਾਲਾਨਾ 19 ਫੀਸਦੀ ਦੇ ਵਾਧੇ ਨਾਲ ਇਸ ਦੇ 13,000 ਕਰੋੜ ਰੁਪਏ ਤੋਂ ਪਾਰ ਪਹੁੰਚਣ ਦਾ ਅਨੁਮਾਨ ਹੈ। ਉੱਥੇ ਹੀ ਗੈਰ-ਸੰਗਠਿਤ ਮਠਿਆਈ ਬਾਜ਼ਾਰ ਕਰੀਬ 50,000 ਕਰੋੜ ਦਾ ਹੈ। ਮੱਲ ਮੁਤਾਬਕ ਰਵਾਇਤੀ ਮਠਿਆਈਆਂ ਦੀ ਵਿਕਰੀ ਵਧੇ, ਇਸ ਲਈ ਰਿਲਾਇੰਸ ਰਿਟੇਲ ਨੇ ਆਪਣੇ ਸਟੋਰ ’ਚ ਵੱਖ-ਵੱਖ ਇਕਾਈਆਂ ਬਣਾਈਆਂ ਹਨ। ਇਸ ਦੇ ਤਹਿਤ ਰਿਲਾਇੰਸ ਰਿਟੇਲ ਮਠਿਆਈ ਬਣਾ ਰਹੀਆਂ ਇਕਾਈਆਂ ਨੂੰ ਸਿੰਗਲ ਪੈਕ ਵਿਕਸਿਤ ਕਰਨ ’ਚ ਵੀ ਮਦਦ ਕਰ ਰਿਹਾ ਹੈ।